ਸ਼ਹੀਦ ਗੁਰਦੀਪ ਦੀ ਪਹਿਲੀ ਪਤਨੀ ਆਈ ਸਾਹਮਣੇ, ਮੰਗੇ ਧੀ ਲਈ ਹੱਕ (ਵੀਡੀਓ)

10/10/2019 5:50:50 PM

ਜਲੰਧਰ/ਕਪੂਰਥਲਾ (ਕਮਲੇਸ਼, ਸੋਨੂੰ)— ਕਪੂਰਥਲਾ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨੇ ਸ਼ਹੀਦ ਕਾਂਸਟੇਬਲ ਗੁਰਦੀਪ ਸਿੰਘ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕੀਤਾ ਹੈ। ਔਰਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਡੀ. ਸੀ. ਦਫਤਰ 'ਚ ਆਪਣੇ ਭਰਾ ਨਾਲ ਫੋਟੋ ਸਟੇਟ ਦਾ ਕੰਮ ਕਰਦੀ ਸੀ। ਗੁਰਦੀਪ ਦਾ ਉਸ ਦੇ ਭਰਾ ਕੋਲ ਆਉਣਾ-ਜਾਣਾ ਸੀ। ਇਸ ਦੌਰਾਨ ਗੁਰਦੀਪ ਉਸ ਨੂੰ ਪਸੰਦ ਕਰਨ ਲੱਗਾ ਅਤੇ ਉਨ੍ਹਾਂ ਕੋਰਟ ਮੈਰਿਜ ਕਰਵਾ ਲਈ। ਕੁਝ ਸਮੇਂ ਬਾਅਦ ਗੁਰਦੀਪ ਦੇ ਘਰ ਵਾਲੇ ਵੀ ਉਨ੍ਹਾਂ ਦੇ ਵਿਆਹ ਲਈ ਤਿਆਰ ਹੋ ਗਏ ਸਨ, ਜਿਸ ਤੋਂ ਬਾਅਦ ਪੈਲੇਸ 'ਚ ਦੋਵਾਂ ਪਰਿਵਾਰਾਂ ਦੀ ਮੌਜੂਦਗੀ 'ਚ ਵਿਆਹ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੀ 5 ਸਾਲ ਦੀ ਬੇਟੀ ਵੀ ਹੈ। ਗੁਰਦੀਪ ਨੇ ਉਸ ਨੂੰ ਨਿਊ ਬਾਰਾਂਦਰੀ ਵਿਚ ਕੁਆਰਟਰ ਵੀ ਅਲਾਟ ਕਰਵਾਇਆ ਸੀ।

ਸਿਮਰਨਜੀਤ ਨੇ ਕਿਹਾ ਕਿ ਗੁਰਦੀਪ ਪਹਿਲਾਂ ਟ੍ਰੈਫਿਕ ਪੁਲਸ 'ਚ ਸੀ ਅਤੇ ਬਾਅਦ 'ਚ ਉਨ੍ਹਾਂ ਦਾ ਤਬਾਦਲਾ ਐੱਸ. ਟੀ. ਐੱਫ. 'ਚ ਹੋ ਗਿਆ ਸੀ। ਡਿਊਟੀ ਦੇ ਸਿਲਸਿਲੇ 'ਚ ਉਨ੍ਹਾਂ ਦਾ ਇਧਰ-ਉਧਰ ਜਾਣਾ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਆਪਣੇ ਕਜ਼ਨ ਭਰਾ ਨੂੰ ਕੁਆਰਟਰ 'ਚ ਰਹਿਣ ਲਈ ਕਿਹਾ ਸੀ ਤਾਂ ਜੋ ਉਹ ਉਸ ਦਾ ਖਿਆਲ ਰੱਖੇ। ਗੁਰਦੀਪ ਦੀ ਮੌਤ ਤੋਂ 4 ਮਹੀਨੇ ਪਹਿਲਾਂ ਹੀ ਉਸ ਨੂੰ ਪਤਾ ਲੱਗਾ ਸੀ ਕਿ ਉਸ ਨੇ ਉਸ ਨੂੰ ਧੋਖੇ ਵਿਚ ਰੱਖ ਕੇ ਇਕ ਹੋਰ ਵਿਆਹ ਕੀਤਾ ਹੋਇਆ ਹੈ।

PunjabKesari

ਜਿਉਂ ਹੀ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ ਅਤੇ ਗੁਰਦੀਪ ਖਿਲਾਫ ਅਦਾਲਤ 'ਚ ਵੀ ਸੈਕਸ਼ਨ 125 ਤਹਿਤ ਕੇਸ ਕੀਤਾ ਸੀ। ਔਰਤ ਨੇ ਕਾਨਫਰੰਸ ਵਿਚ ਆਪਣੇ ਗੁਰਦੀਪ ਨਾਲ ਵਿਆਹ ਦੇ ਦਾਅਵੇ ਨੂੰ ਪੁਖਤਾ ਕਰਦੀਆਂ ਵਿਆਹ ਸਮਾਰੋਹ ਦੀਆਂ ਤਸਵੀਰਾਂ ਵੀ ਮੀਡੀਆ ਨੂੰ ਵਿਖਾਈਆਂ। ਸਿਮਰਨਜੀਤ ਨੇ ਕਿਹਾ ਕਿ ਉਹ ਗੁਰਦੀਪ ਦੀ ਮੌਤ ਤੋਂ ਦੁਖੀ ਤੇ ਸਦਮੇ ਵਿਚ ਸੀ, ਹੁਣ ਆਪਣੀ ਬੇਟੀ ਦੇ ਹੱਕ ਲਈ ਕਾਨਫਰੰਸ ਕੀਤੀ ਹੈ। ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਉਸ ਨੇ ਕਿਹਾ ਕਿ ਉਸ ਦਾ ਤੇ ਬੇਟੀ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾਵੇ।

ਉਥੇ ਹੀ ਇਸ ਮਾਮਲੇ 'ਚ ਗੁਰਦੀਪ ਦੇ ਭਰਾ ਹਰਦੀਪ ਦਾ ਕਹਿਣਾ ਹੈ ਕਿ ਸਿਮਰਨਜੀਤ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜਿਸ ਸਮੇਂ ਔਰਤ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਪੁਲਸ ਅਫਸਰਾਂ ਅੱਗੇ ਪੇਸ਼ ਹੋ ਕੇ ਗੁਰਦੀਪ ਨੇ ਦਾਅਵਾ ਕੀਤਾ ਸੀ ਕਿ ਸਿਮਰਨਜੀਤ ਜਿਸ ਬੇਟੀ ਨੂੰ ਗੁਰਦੀਪ ਦੀ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਉਸ ਦੀ ਨਹੀਂ ਹੈ। ਗੁਰਦੀਪ ਆਪਣਾ ਡੀ. ਐੱਨ. ਏ. ਟੈਸਟ ਤਕ ਕਰਵਾਉਣ ਲਈ ਤਿਆਰ ਸਨ। ਜਲਦੀ ਹੀ ਸਬੂਤਾਂ ਨਾਲ ਕਾਨਫਰੰਸ ਕਰ ਸਿਮਰਨਜੀਤ ਨਾਲ ਜੁੜੇ ਕਈ ਖੁਲਾਸੇ ਕਰਨਗੇ।


shivani attri

Content Editor

Related News