SGPC ਵੋਟਾਂ ਬਣਵਾਉਣ ਵਾਲੀਆਂ ਮਹਿਲਾ ਸਿੱਖ ਬਿਨੈਕਾਰਾਂ ਲਈ ਖ਼ਾਸ ਖ਼ਬਰ
Tuesday, Aug 20, 2024 - 12:11 PM (IST)
ਮੋਹਾਲੀ (ਨਿਆਮੀਆਂ) : ਐੱਸ. ਜੀ. ਪੀ. ਸੀ. ਦੀਆਂ ਵੋਟਾਂ ਬਣਵਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਵਾਸਤੇ ਰਜਿਸਟਰੇਸ਼ਨ ਫਾਰਮਾਂ ’ਤੇ ਫੋਟੋਆਂ ਲਾਉਣੀਆਂ ਹੁਣ ਲਾਜ਼ਮੀ ਨਹੀਂ ਹਨ। ਇਹ ਵੋਟਾਂ ਬਣਵਾਉਣ ਲਈ ਰਜਿਸਟਰੇਸ਼ਨ ਫਾਰਮ ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ ਦਫ਼ਤਰ, ਸਬੰਧਤ ਪਟਵਾਰੀਆਂ ਤੇ ਐੱਸ. ਡੀ. ਐੱਮ. ਦਫ਼ਤਰਾਂ ਵਿਖੇ 15 ਸਤੰਬਰ 2024 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦਿੱਤੀ। ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਪੱਤਰ ਮੁਤਾਬਕ ਫੀਲਡ ਵਿਚੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਕੁੱਝ ਮਹਿਲਾ ਸਿੱਖ ਵੋਟਰਾਂ ਰਜਿਸਟਰੇਸ਼ਨ ਫਾਰਮਾਂ 'ਤੇ ਆਪਣੀਆਂ ਫੋਟੋਆਂ ਲਾਉਣ ਸਬੰਧੀ ਝਿਜਕਦੀਆਂ ਹਨ।
ਇਸ ਲਈ ਔਰਤਾਂ ਲਈ ਇਨ੍ਹਾਂ ਫਾਰਮਾਂ 'ਤੇ ਫੋਟੋਆਂ ਲਾਉਣ ਨੂੰ ਆਪਸ਼ਨਲ ਕਰ ਦਿੱਤਾ ਗਿਆ ਹੈ। ਜੇਕਰ ਕੋਈ ਮਹਿਲਾ ਫਾਰਮ 'ਤੇ ਫੋਟੋ ਲਾਉਣਾ ਚਾਹੁੰਦੀ ਹੈ ਤਾਂ ਲਾ ਸਕਦੀ ਹੈ ਅਤੇ ਜੇਕਰ ਫੋਟੋ ਨਹੀਂ ਲਗਾਉਣਾ ਚਾਹੁੰਦੀ ਤਾਂ ਉਹ ਫਾਰਮ ਵੀ ਮਨਜ਼ੂਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਨ੍ਹਾਂ ਚੋਣਾਂ ਸਬੰਧੀ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ।