ਮਹਿਲਾਵਾਂ ਅੱਗੇ ਵਰਤੇ ਇਤਰਾਜ਼ਯੋਗ ਸ਼ਬਦਾਂ ਲਈ ਮੁਆਫ਼ੀ ਮੰਗਣ ਹਰਪਾਲ ਚੀਮਾ: ਸੁਖਪਾਲ ਖਹਿਰਾ
Tuesday, Mar 10, 2026 - 05:59 PM (IST)
ਚੰਡੀਗੜ੍ਹ (ਅੰਕੁਰ): ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਬਿਆਨਬਾਜ਼ੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਕੀ ਉਹ ਮਹਿਲਾ ਅਧਿਆਪਕਾਂ ਦੇ ਇਕ ਡੈਲੀਗੇਸ਼ਨ ਸਾਹਮਣੇ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਲਈ ਮੁਆਫ਼ੀ ਮੰਗਣਗੇ? ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕੀਤੀ ਪੋਸਟ ਵਿਚ ਸਵਾਲ ਉਠਾਇਆ ਕਿ ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਮਾਮਲੇ ‘ਚ ਚੀਮਾ ਖ਼ਿਲਾਫ਼ ਕੋਈ ਨਿੰਦਾ ਪ੍ਰਸਤਾਵ ਪਾਸ ਕਰਨਗੇ ਅਤੇ ਕੀ ਮਹਿਲਾ ਕਮਿਸ਼ਨ ਇਸ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਨੋਟਿਸ ਜਾਰੀ ਕਰੇਗੀ?
ਖਹਿਰਾ ਨੇ ਆਪਣੇ ਬਿਆਨ ਵਿਚ ਲਿਖਿਆ ਕਿ ਹਾਲ ਹੀ ਵਿਚ ਕੁਝ ਮਹਿਲਾ ਅਧਿਆਪਕ ਆਪਣੇ ਮਸਲਿਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਮਿਲਣ ਗਈਆਂ ਸਨ, ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੌਰਾਨ ਚੀਮਾ ਵੱਲੋਂ ਇਤਰਾਜ਼ਯੋਗ ਸ਼ਬਦ ਵਰਤੇ ਗਏ। ਖਹਿਰਾ ਨੇ ਸਵਾਲ ਕੀਤਾ ਕਿ ਜੇਕਰ ਇਹ ਬਿਆਨ ਸਹੀ ਹੈ ਤਾਂ ਕੀ ਵਿੱਤ ਮੰਤਰੀ ਮਹਿਲਾਵਾਂ ਤੋਂ ਮੁਆਫ਼ੀ ਮੰਗਣਗੇ? ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਸਪੀਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਨ ਸਭਾ ਵਿਚ ਕੋਈ ਕਾਰਵਾਈ ਕਰਨਗੇ?

ਕਾਂਗਰਸੀ ਵਿਧਾਇਕ ਨੇ ਆਪਣੀ ਪੋਸਟ ਵਿਚ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਧਮਕੀਆਂ ਤੋਂ ਡਰਣ ਵਾਲੇ ਨਹੀਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੀ ਭਾਰੀ ਬਹੁਮਤ ਦਾ ਇਸਤੇਮਾਲ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਲੋਕਾਂ ਦੇ ਮਸਲਿਆਂ ਅਤੇ ਮਹਿਲਾਵਾਂ ਦੇ ਸਨਮਾਨ ਨਾਲ ਜੁੜੇ ਮਾਮਲਿਆਂ ‘ਤੇ ਆਪਣੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਗੇ।
