ਕਾਂਗਰਸੀਆਂ ਦੀ ਸ਼ਹਿ ''ਤੇ ਲੰਗਰ ਕਮੇਟੀ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਾਰਨ ਸਥਿਤੀ ਤਣਾਅਪੂਰਨ
Monday, Jun 12, 2017 - 07:08 AM (IST)
ਫਤਿਹਗੜ੍ਹ ਸਾਹਿਬ (ਜਗਦੇਵ) - ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਭਾਈ ਰੂਪਾ ਬਠਿੰਡਾ ਵਿਖੇ 161 ਏਕੜ ਜ਼ਮੀਨ 'ਤੇ ਅਖੌਤੀ ਕਮੇਟੀਆਂ ਵੱਲੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਲੋਕਲ ਕਾਂਗਰਸੀਆਂ ਦੀ ਸ਼ਹਿ 'ਤੇ ਲੰਗਰ ਕਮੇਟੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ੇ ਕਰਨ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਚੀਫ ਸੈਕਟਰੀ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਬਠਿੰਡਾ ਨੂੰ ਪੱਤਰ ਭੇਜ ਕੇ ਸਚਾਈ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਇਸ 161 ਏਕੜ ਜ਼ਮੀਨ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਵੱਲੋਂ ਮਾਣਯੋਗ ਸੁਪਰੀਮ ਕੋਰਟ 'ਚੋਂ ਐੱਸ. ਐੱਲ. ਪੀ. ਨੰਬਰ 1921/1984 ਰਾਹੀਂ 1999 'ਚ ਹੋਏ ਫੈਸਲੇ ਮੁਤਾਬਕ ਪ੍ਰਾਪਤ ਕੀਤਾ ਸੀ ਤੇ ਕਬਜ਼ੇ ਸਬੰਧੀ ਮਾਲ ਰਿਕਾਰਡ 'ਚ ਬਕਾਇਦਾ ਅਮਲ ਦਰਾਮਦ ਹੋ ਚੁੱਕਾ ਹੈ। ਜ਼ਮੀਨ ਦੀ ਮਾਲਕੀ ਸਬੰਧੀ ਇੰਤਕਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦਰਜ ਹੈ ਤੇ ਇਹ ਜ਼ਮੀਨ 2013 ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਰਾਹੀਂ ਖੁਲ੍ਹੀ ਬੋਲੀ ਦੇ ਕੇ ਵੱਖ-ਵੱਖ ਕਾਸ਼ਤਕਾਰਾਂ ਨੂੰ ਠੇਕੇ 'ਤੇ ਦਿੱਤੀ ਜਾ ਰਹੀ ਹੈ ਪਰ ਮਿਤੀ 12-05-2017 ਤੋਂ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਕਥਿਤ ਤੌਰ 'ਤੇ ਇਕਲੰਗਰ ਕਮੇਟੀ ਬਣਾ ਕੇ ਸਿਆਸੀ ਸ਼ਹਿ 'ਤੇ ਧੱਕੇ ਨਾਲ ਇਸ ਜ਼ਮੀਨ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਬਾਰੇ ਪਹਿਲਾਂ ਵੀ ਪ੍ਰਸ਼ਾਸਨ ਤੇ ਥਾਣਾ ਰਾਮਪੁਰਾ ਫੂਲ ਵਿਖੇ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਲੰਗਰ ਕਮੇਟੀ ਦੇ ਹੌਸਲੇ ਵਧਣ ਕਰਕੇ ਉਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਦੀ ਰੌਸ਼ਨੀ 'ਚ ਇਸ ਜ਼ਮੀਨ ਦਾ ਕਬਜ਼ਾ ਪ੍ਰਾਪਤ ਕਰਨ ਲਈ ਐਡੀਸ਼ਨਲ ਜ਼ਿਲਾ ਜੱਜ ਬਠਿੰਡਾ ਦੀ ਅਦਾਲਤ 'ਚ ਅਜਰਾ ਦਾਇਰ ਕੀਤੀ ਗਈ, ਜਿਸ 'ਤੇ ਮਾਣਯੋਗ ਅਦਾਲਤ ਨੇ ਮਿਤੀ 15.6.2001 ਨੂੰ ਦਖਲ ਵਾਰੰਟ ਜਾਰੀ ਕੀਤਾ, ਜਿਸ 'ਤੇ ਅਮਲ ਕਰਦਿਆਂ ਕਾਨੂੰਨ ਮਾਲ ਮਹਿਕਮਾ ਵੱਲੋਂ ਹਲਕਾ ਪਟਵਾਰੀ ਰਾਹੀਂ ਰਪਟ ਰੋਜਨਾਮਚਾ ਨੰ. 427 ਅਤੇ ਰਪਟ ਨੰ.427 ਅਤੇ ਰਪਟ ਨੰਬਰ 591 ਮਿਤੀ 25.7.2001 ਰਾਹੀਂ ਦਖਲ ਮਾਲਕਾਨਾ ਬਾਹਕ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਗਿਆ ਤੇ ਮਿਤੀ 2.6.2013 <mailto:2.6.2013> ਨੂੰ ਇਸ ਜ਼ਮੀਨ 'ਤੇ ਕਾਬਜ਼ ਮਹੰਤ ਅਰਜਨ ਸਿੰਘ ਦੇ ਵਾਰਸਾਂ ਨੇ ਸ਼੍ਰੋਮਣੀ ਕਮੇਟੀ ਨਾਲ ਆਪਸੀ ਰਜ਼ਾਮੰਦੀ ਤਹਿਤ ਆਪਣੇ ਗੁਜ਼ਾਰੇ ਵਜੋਂ 35 ਲੱਖ ਰੁਪਏ ਲੈ ਕੇ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਲੰਗਰ ਕਮੇਟੀ, ਜੋੜਾ ਕਮੇਟੀ ਤੇ ਹੋਰ ਸੇਵਾ ਕਮੇਟੀਆਂ ਦਾ ਕੰਮ ਨਿਰੋਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨਾ ਹੈ ਨਾ ਕਿ ਅਖੌਤੀ ਲੰਗਰ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ 'ਚ ਦਖ਼ਲ ਅੰਦਾਜ਼ੀ ਕਰਨਾ ਬੰਦ ਕਰੇ।
