ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਦੋ ਭਰਾਵਾਂ ਨੂੰ 7-7 ਸਾਲ ਦੀ ਕੈਦ

Tuesday, Apr 21, 2026 - 11:31 AM (IST)

ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਦੋ ਭਰਾਵਾਂ ਨੂੰ 7-7 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 6 ਸਾਲ ਪਹਿਲਾਂ ਜਾਨਲੇਵਾ ਹਮਲਾ ਕਰਨ ਦੇ ਮੁਲਜ਼ਮ ਦੋ ਭਰਾਵਾਂ ਨੂੰ ਮੁਲਜ਼ਮ ਕਰਾਰ ਦਿੰਦਿਆਂ 7-7 ਸਾਲ ਦੀ ਕੈਦ ਅਤੇ 10 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਭਰਾਵਾਂ ਦੀ ਪਛਾਣ ਅਮਨ ਅਤੇ ਅਨਿਲ ਵਜੋਂ ਹੋਈ ਹੈ। ਹਥਿਆਰਾਂ ਨਾਲ ਲੈੱਸ ਮੁਲਜ਼ਮਾਂ ਨੇ ਸੈਕਟਰ-25 ’ਚ ਇੱਕ ਨੌਜਵਾਨ ’ਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਦੋਂ ਉਹ ਪਤਨੀ ਦੇ ਨਾਲ ਘਰ ਦੇ ਬਾਹਰ ਸੈਰ ਕਰ ਰਿਹਾ ਸੀ। ਪੁਲਸ ਨੇ ਪੀੜਤ ਦੀ ਪਤਨੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰਨਾ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸੈਕਟਰ-25 ਕਾਲੋਨੀ ਦੀ ਰਹਿਣ ਵਾਲੀ 23 ਸਾਲਾ ਨੇਹਾ ਨੇ ਅਕਤੂਬਰ 2021 ’ਚ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 14 ਅਕਤੂਬਰ ਨੂੰ ਰਾਤ 10 ਵਜੇ ਦੇ ਕਰੀਬ ਉਹ ਆਪਣੇ ਪਤੀ ਸੁਨੀਲ ਨਾਲ ਘਰ ਦੇ ਬਾਹਰ ਸੈਰ ਕਰ ਰਹੀ ਸੀ।

ਅਮਨ ਅਤੇ ਅਨਿਲ ਚਾਰ-ਪੰਜ ਸਾਥੀਆਂ ਨਾਲ ਗੰਡਾਸੀ, ਤਲਵਾਰ ਅਤੇ ਡੰਡੇ ਲੈ ਕੇ ਘਰ ਦੇ ਸਾਹਮਣੇ ਖੜ੍ਹੇ ਹੋ ਗਏ। ਮੁਲਜ਼ਮਾਂ ਨੇ ਪਤੀ ’ਤੇ ਗੰਡਾਸੀ, ਤਲਵਾਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਉੱਚੀ-ਉੱਚੀ ਚੀਕ ਰਹੇ ਸਨ ਕਿ ਉਹ ਸੁਨੀਲ ਨੂੰ ਜਾਨ ਤੋਂ ਮਾਰ ਦੇਣਗੇ। ਸ਼ੋਰ ਸੁਣ ਕੇ ਮਾਂ ਬਾਹਰ ਆਈ ਅਤੇ ਰੌਲਾ ਪਾਇਆ, ਜਿਸ ਤੋਂ ਬਾਅਦ ਮੁਲਜ਼ਮ ਭੱਜ ਗਏ। ਘਟਨਾ ਤੋਂ ਬਾਅਦ ਜ਼ਖਮੀ ਸੁਨੀਲ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਦੇਖ ਕੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਹਮਲੇ ਵਿਚ ਸੁਨੀਲ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ, ਪਰ ਗਨੀਮਤ ਰਹੀ ਕਿ ਜਾਨ ਬਚ ਗਈ। ਸੈਕਟਰ-11 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ। ਲਗਭਗ 6 ਸਾਲ ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਏ ਤੱਥਾਂ ਦੀ ਜਾਂਚ ਕਰਨ ਅਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਮੁਲਜ਼ਮ ਕਰਾਰ ਦਿੰਦਿਆਂ ਸਜ਼ਾ ਸੁਣਾਈ।


author

Babita

Content Editor

Related News