ਸੱਤ ਬਾਰ ਐਂਡ ਰੈਸਟੋਰੈਂਟਾਂ ਦੇ ਕੱਟੇ ਚਲਾਨ, ਲੱਗੇਗਾ ਭਾਰੀ ਜੁਰਮਾਨਾ

08/30/2018 7:12:46 AM

 ਚੰਡੀਗਡ਼੍ਹ,(ਰਾਜਿੰਦਰ)- ਚੰਡੀਗਡ਼੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ ਮੰਗਲਵਾਰ ਰਾਤ ਸੈਕਟਰ-7 ਤੇ 26 ਦੇ ਬਾਰ ਐਂਡ ਰੈਸਟੋਰੈਂਟਾਂ ਵਿਚ ਰੇਡ ਕੀਤੀ ਤੇ ਇਸ ਦੌਰਾਨ ਸੱਤ ਬਾਰ ਐਂਡ ਰੈਸਟੋਰੈਂਟਾਂ ਦੇ ਚਲਾਨ ਕੱਟੇ ਗਏ। ਵਿਭਾਗ ਨੇ ਇਹ ਕਾਰਵਾਈ ਇਸ ਲਈ ਕੀਤੀ, ਕਿਉਂਕਿ ਇਥੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੇਚੀ ਜਾ ਰਹੀ ਸੀ।  
 ਇਨ੍ਹਾਂ ਸੱਤ ਬਾਰ ਐਂਡ ਰੈਸਟੋਰੈਂਟਾਂ ’ਚ ਪਰਪਲ ਫਰਾਗ ਸੈਕਟਰ-26, ਮਨਿਸਟਰੀ ਆਫ ਵਾਰ ਐਕਸਚੇਂਜ ਸੈਕਟਰ-26, ਟੀ. ਜੀ. ਆਈ. ਫਰਾਈਡੇ ਸੈਕਟਰ-26, ਦਿ ਗਰੇਟ ਬੀਅਰ ਸੈਕਟਰ-26, ਬਾਰਬੀਕਿਊ ਸੈਕਟਰ-26, ਪਲੇਅ ਗਰਾਊਂਡ ਸੈਕਟਰ-26 ਤੇ ਸੁਲਤਾਨ ਰੈਸਟੋਰੈਂਟਸ ਸੈਕਟਰ-7 ਸ਼ਾਮਲ ਹਨ। ਪ੍ਰਸ਼ਾਸਨ ਦੇ  ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ ਇਹ ਉਮਰ ਹੱੱਦ ਤੈਅ ਕੀਤੀ ਹੈ। ਇਸ ਸਬੰਧੀ ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਪੋਪਲੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਉਨ੍ਹਾਂ ਨੇ ਇਨ੍ਹਾਂ ਬਾਰ ਐਂਡ ਰੈਸਟੋਰੈਂਟਾਂ ਵਿਚ ਚੈਕਿੰਗ ਕੀਤੀ ਤੇ ਇਸ ਦੌਰਾਨ ਆਈ. ਡੀ. ਕਾਰਡ ਚੈੱਕ ਕਰਨ ’ਤੇ ਜ਼ਿਆਦਾ ਨੌਜਵਾਨ 25 ਸਾਲ ਤੋਂ ਘੱਟ ਵਾਲੇ ਸਾਹਮਣੇ ਆਏ। 
ਉਨ੍ਹਾਂ ਕਿਹਾ ਕਿ ਅਜੇ ਤਕ ਉਨ੍ਹਾਂ ਨੇ ਜੁਰਮਾਨਾ ਰਾਸ਼ੀ  ਨਹੀਂ  ਅਾਂਕੀ  ਹੈ ਪਰ ਇਕ-ਦੋ ਦਿਨਾਂ  ’ਚ ਇਨ੍ਹਾਂ ਸਾਰਿਆਂ ’ਤੇ ਜੁਰਮਾਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਇਥੋਂ ਤਕ ਕਿ ਬਾਰ ਐਂਡ ਰੈਸਟੋਰੈਂਟ ਕਰਮਚਾਰੀ ਵੀ ਉਨ੍ਹਾਂ ਦਾ ਆਈ. ਡੀ. ਕਾਰਡ ਚੈੱਕ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਭਾਗ  ਵਲੋਂ ਇਹ ਨਿਰਦੇਸ਼ ਦਿੱਤੇ ਜਾਣਗੇ ਕਿ ਸਾਰੇ ਬਾਰ  ਐਂਡ  ਰੈਸਟੋਰੈਂਟਾਂ ’ਚ ਨਿਯਮ ਡਿਸਪਲੇ ਕੀਤੇ ਜਾਣ ਤੇ ਗਾਹਕਾਂ ਤੋਂ ਆਈ. ਡੀ. ਕਾਰਡ ਵੀ ਲਿਆ ਜਾਵੇ।  ਐਕਸਾਈਜ਼ ਨਿਯਮਾਂ ਤਹਿਤ ਲਾਇਸੈਂਸੀ ਬਾਰ ਜਾਂ ਰੈਸਟੋਰੈਂਟ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਹੀਂ ਵੇਚ ਸਕਦਾ ਹੈ।  ਵਾਇਲੇਸ਼ਨ ਕਰਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।  
 ਦੇਰ ਰਾਤ ਤਕ ਚੱਲ ਰਹੇ ਕਲੱਬਾਂ, ਰੈਸਟੋਰੈਂਟਾਂ ’ਤੇ ਮਾਰਿਆ ਸੀ ਛਾਪਾ 
 ਵਿਭਾਗ ਨੇ ਪਿਛਲੇ ਦਿਨ ਦੇਰ ਰਾਤ ਤਕ ਚੱਲ ਰਹੇ 15 ਕਲੱਬਾਂ-ਰੈਸਟੋਰੈਂਟਾਂ ’ਤੇ ਰੇਡ ਕੀਤੀ ਸੀ ਤੇ ਉਨ੍ਹਾਂ  ਦੇ ਚਲਾਨ ਕੱਟੇ ਸਨ। ਵਿਭਾਗ ਨੇ ਇਨ੍ਹਾਂ ’ਤੇ ਜੁਰਮਾਨਾ ਲਾਉਣ ਲਈ ਉੱਚ ਅਧਿਕਾਰੀਆਂ ਨੂੰ ਫਾਈਲ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਵੀ ਵਿਭਾਗ ਨੇ ਲੰਘੀ 20 ਅਗਸਤ ਨੂੰ ਸੈਕਟਰ-41, 42, 26, 28ਡੀ ਦੇ ਠੇਕਿਆਂ ’ਤੇ ਬਿਨਾਂ ਬਿੱਲ ਤੇ ਹੋਲੋਗ੍ਰਾਮ ਦੇ ਸ਼ਰਾਬ ਵੇਚਣ ’ਤੇ ਇਕ-ਇਕ ਲੱਖ ਰੁਪਏ ਜੁਰਮਾਨਾ ਲਾਇਆ ਸੀ। ਇਸ ਦੌਰਾਨ ਇਕ ਲੱਖ ਰੁਪਏ ਜੁਰਮਾਨਾ ਸੈਕਟਰ-26 ਹਾਈ ਲਾਈਫ ਇੰੰਟਰਟੇਨਮੈਂਟ ’ਤੇ ਵੀ ਲਾਇਆ ਗਿਆ ਸੀ। ਇਥੇ ਸ਼ਰਾਬ ਦਾ ਇਕ ਮੱਗ ਇਕ  ਦੇ ਨਾਲ ਇਕ ਮੁਫ਼ਤ ਦਿੱਤਾ ਜਾ ਰਿਹਾ ਹੈ, ਜੋ ਕਿ ਐਕਸਾਈਜ਼ ਨਿਯਮਾਂ ਦੇ ਖਿਲਾਫ ਹੈ। 


Related News