ਪੰਜਾਬ ''ਚ ਭਾਰੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਹਾਲੇ ਹੋਰ ਛਿੜੇਗੀ ਕੰਬਣੀ

Tuesday, Jan 06, 2026 - 07:36 AM (IST)

ਪੰਜਾਬ ''ਚ ਭਾਰੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਹਾਲੇ ਹੋਰ ਛਿੜੇਗੀ ਕੰਬਣੀ

ਚੰਡੀਗੜ੍ਹ (ਮਨਪ੍ਰੀਤ) : ਉੱਤਰੀ ਭਾਰਤ ਸਣੇ ਪੰਜਾਬ ਤੇ ਚੰਡੀਗੜ੍ਹ ’ਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਲਗਾਤਾਰ ਜ਼ੋਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਅਗਲੇ ਚਾਰ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ’ਚ 2 ਤੋਂ 3 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ’ਚ 11 ਜਨਵਰੀ ਤੱਕ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ ਪਰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਹੇਗਾ। 

ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ’ਚ ਸੰਘਣੀ ਧੁੰਦ ਦੇ ਨਾਲ-ਨਾਲ ‘ਕੋਲਡ ਡੇ’ ਵਰਗੇ ਹਾਲਾਤ ਬਣੇ ਰਹੇ। ਪੰਜਾਬ ’ਚ ਤਾਪਮਾਨ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੇ ਦਿਨ ਦੇ ਮੁਕਾਬਲੇ ਔਸਤ ਵੱਧ ਤੋਂ ਵੱਧ ਤਾਪਮਾਨ ’ਚ 3.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਫ਼ਿਲਹਾਲ ਆਮ ਦੇ ਨੇੜੇ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ 20.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਘੱਟੋ-ਘੱਟ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ ਹੈ। ਬਠਿੰਡਾ ਤੇ ਫ਼ਰੀਦਕੋਟ 4.5 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਨਾਲ ਸੂਬੇ ਦੇ ਸਭ ਤੋਂ ਠੰਢੇ ਸ਼ਹਿਰ ਨੋਟ ਕੀਤੇ ਗਏ। 

ਇਸ ਦੇ ਨਾਲ ਹੀ ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਤੇ ਘੱਟੋ-ਘੱਟ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੂਬੇ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 8 ਡਿਗਰੀ, ਪਟਿਆਲਾ ’ਚ 7 ਡਿਗਰੀ, ਗੁਰਦਾਸਪੁਰ ’ਚ 7.8 ਡਿਗਰੀ, ਬੱਲੋਵਾਲ ਸੇਖੜੀ ’ਚ 5.1 ਡਿਗਰੀ, ਹੁਸ਼ਿਆਰਪੁਰ ’ਚ 9.2, ਮਾਨਸਾ 5.6 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ ਵੀ ਠੰਢ ਦਾ ਜ਼ੋਰ ਵਧਿਆ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 1 ਡਿਗਰੀ ਉੱਪਰ ਹੈ, ਜਦਕਿ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਹੈ ਕਿਉਂਕਿ ਕਈ ਥਾਵਾਂ 'ਤੇ ਦਿਸਣ ਹੱਦ ਬਹੁਤ ਘੱਟ ਰਹਿ ਸਕਦੀ ਹੈ।


author

rajwinder kaur

Content Editor

Related News