ਪੰਜਾਬ ਦੇ ਇਸ ਜ਼ਿਲ੍ਹੇ ''ਚ ਲੱਗੀਆਂ ਵੱਡੀਆਂ ਪਾਬੰਦੀਆਂ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

Sunday, Oct 04, 2026 - 10:58 AM (IST)

ਪੰਜਾਬ ਦੇ ਇਸ ਜ਼ਿਲ੍ਹੇ ''ਚ ਲੱਗੀਆਂ ਵੱਡੀਆਂ ਪਾਬੰਦੀਆਂ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

ਮਾਨਸਾ (ਮਨਜੀਤ ਕੌਰ) : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈ. ਏ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਨ-ਕਾਨੂੰਨ ਬਣਾਏ ਰੱਖਣ ਲਈ ਜਨਤਕ ਥਾਵਾਂ ’ਤੇ ਜਲੂਸ ਕੱਢਣ, ਨਾਅਰੇ ਲਗਾਉਣ, ਭੜਕਾਊ ਪ੍ਰਚਾਰ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਗੰਡਾਸੇ, ਤੇਜ਼ਦਾਰ ਟਕੂਏ, ਕੁਲਹਾੜੀਆਂ, ਵਿਸਫੋਟਕ ਸਮੱਗਰੀ ਅਤੇ ਹੋਰ ਘਾਤਕ ਹਥਿਆਰ ਜਾਂ ਅਸਲਾ ਚੁੱਕਣ ’ਤੇ ਪਾਬੰਦੀ ਲਗਾਈ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਜੱਥੇਬੰਦੀਆਂ ਜਾਂ ਆਮ ਵਿਅਕਤੀਆਂ ਵੱਲੋਂ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਜਾਂਦਾ ਹੈ, ਜਿਸ ਨਾਲ ਆਵਾਜਾਈ 'ਚ ਵਿਘਨ ਪੈਣ ਅਤੇ ਆਮ ਜੀਵਨ ਅਸਤ-ਵਿਅਸਥ ਹੋਣ ਦਾ ਡਰ ਰਹਿੰਦਾ ਹੈ। ਇਸ ਤਰ੍ਹਾਂ ਜਨਤਕ ਸ਼ਾਂਤੀ ਭੰਗ ਹੋਣ ਨਾਲ ਸਰਕਾਰੀ ਅਤੇ ਨਿੱਜੀ ਜਾਇਦਾਦ ਦੇ ਨੁਕਸਾਨ ਹੋਣ ਦਾ ਵੀ ਅੰਦੇਸ਼ਾ ਰਹਿੰਦਾ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਸਬੰਧੀ ਹੁਕਮ ਸੁਰੱਖਿਆ ਅਮਲੇ/ਡਿਊਟੀ ’ਤੇ ਤਾਇਨਾਤ ਪੁਲਸ ਅਮਲੇ ’ਤੇ ਸਰਕਾਰੀ ਫ਼ੰਕਸ਼ਨਾਂ/ਵਿਆਹ ਸ਼ਾਦੀਆਂ ’ਤੇ, ਧਾਰਮਿਕ /ਮਾਤਮੀ ਸਮਾਰੋਹਾਂ ਅਤੇ ਸਕੂਲ/ਕਾਲਜਾਂ 'ਚ ਪੜ੍ਹਾਈ ਲਈ ਬੱਚਿਆਂ ਦੇ ਇਕੱਠ ’ਤੇ ਲਾਗੂ ਨਹੀਂ ਹੋਵੇਗਾ।
ਮੈਰਿਜ ਪੈਲੇਸਾਂ 'ਚ ਲਾਇਸੈਂਸੀ ਅਸਲਾ ਲੈ ਕੇ ਆਉਣ 'ਤੇ ਮੁਕੰਮਲ ਰੋਕ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਆਈ. ਏ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ 'ਚ ਮੈਰਿਜ ਪੈਲੇਸਾਂ 'ਚ ਲਾਇਸੈਂਸੀ ਅਸਲਾ ਲੈ ਕੇ ਆਉਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਵਿਆਹ-ਸ਼ਾਦੀਆਂ ਮੌਕੇ ਮੈਰਿਜ ਪੈਲੇਸਾਂ 'ਚ ਕੁੱਝ ਲੋਕ ਆਪਣਾ ਲਾਇਸੈਂਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ 'ਚ ਸ਼ਰਾਬ ਆਦਿ ਪੀ ਕੇ ਲੋਕ ਦੂਸਰੇ ਵਿਅਕਤੀ ਤੋਂ ਹਥਿਆਰ ਖੋਹ ਕੇ ਸਟੇਜ ਉੱਪਰ ਭੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ, ਜੋ ਪੈਲੇਸ 'ਚ ਮੌਜੂਦ ਲੋਕਾਂ ਦੀ ਜਾਨ ਦਾ ਖ਼ਤਰਾ ਬਣ ਜਾਂਦੇ ਹਨ, ਅਜਿਹੀਆਂ ਘਟਨਾਵਾਂ 'ਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿ ਮੈਰਿਜ ਪੈਲੇਸਾਂ 'ਚ ਅਸਲਾ ਨਾ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ ਤੇ ਕਿਸੇ ਵੱਲੋਂ ਕੋਈ ਅਮਲ ਨਹੀਂ ਕੀਤਾ ਜਾਂਦਾ। ਹੁਕਮ 'ਚ ਕਿਹਾ ਗਿਆ ਹੈ ਕਿ ਅਜਿਹੇ ਹਾਲਾਤਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਕੋਈ ਵਿਅਕਤੀ ਮੈਰਿਜ ਪੈਲੇਸਾਂ 'ਚ ਲਾਇਸੈਂਸੀ ਹਥਿਆਰ ਲੈ ਕੇ ਨਾ ਆਵੇ, ਤਾਂ ਜੋ ਅੱਗੇ ਤੋਂ ਪੈਲੇਸਾਂ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਹੁਕਮ 30 ਨਵੰਬਰ 2026 ਤੱਕ ਲਾਗੂ ਰਹੇਗਾ।
ਕਿਰਾਏਦਾਰਾਂ ਦਾ ਵੇਰਵਾ ਥਾਣਾ ਪੁਲਸ ਚੌਂਕੀ 'ਚ ਦਰਜ ਕਰਵਾਉਣ ਦੇ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਮਕਾਨ ਮਾਲਕਾਂ ਅਤੇ ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ ’ਤੇ ਦਿੱਤੇ ਹੋਣ ਜਾਂ ਭਵਿੱਖ 'ਚ ਦਿੱਤੇ ਜਾਣੇ ਹਨ, ਉਨ੍ਹਾਂ 'ਚ ਰਹਿਣ ਵਾਲੇ ਕਿਰਾਏਦਾਰ ਵਿਅਕਤੀਆਂ ਦਾ ਨਾਮ ਅਤੇ ਮੁਕੰਮਲ ਵੇਰਵਾ ਆਪਣੇ ਇਲਾਕੇ ਦੇ ਥਾਣਾ ਪੁਲਸ ਚੌਂਕੀ 'ਚ ਤੁਰੰਤ ਦਰਜ ਕਰਵਾਉਣ। ਹੁਕਮ 'ਚ ਕਿਹਾ ਗਿਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਮਕਾਨ ਕਿਰਾਏ ’ਤੇ ਲੈ ਕੇ ਸਮਾਜ ਵਿਰੋਧੀ ਕਾਰਵਾਈਆਂ ਕਰਨ ਦਾ ਅੰਦੇਸ਼ਾ ਹੈ ਕਿ ਜਿਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਸਰਕਾਰੀ ਪ੍ਰਾਈਵੇਟ ਸੰਪਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ, ਅਮਨ-ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ ਅਤੇ ਦੰਗੇ ਆਦਿ ਭੜਕ ਸਕਦੇ ਹਨ। ਇਸ ਲਈ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਫ਼ੌਰੀ ਕਦਮ ਚੁੱਕੇ ਜਾਣ ਦੀ ਲੋੜ ਹੈ।


author

Babita

Content Editor

Related News