ਸੈਕਟਰ-34/44 ਦੀ ਡਿਵਾਈਡਿੰਗ ਸੜਕ ''ਤੇ ਬੀਟ ਕਾਰ ਚਾਲਕ ਨੂੰ  ਥੱਪੜ ਮਾਰਨ ਤੋਂ ਬਾਅਦ ਘੁੱਟਿਆ ਗਲਾ, ਮੌਤ

Sunday, Sep 03, 2017 - 10:47 AM (IST)

ਸੈਕਟਰ-34/44 ਦੀ ਡਿਵਾਈਡਿੰਗ ਸੜਕ ''ਤੇ ਬੀਟ ਕਾਰ ਚਾਲਕ ਨੂੰ  ਥੱਪੜ ਮਾਰਨ ਤੋਂ ਬਾਅਦ ਘੁੱਟਿਆ ਗਲਾ, ਮੌਤ


ਚੰਡੀਗੜ੍ਹ(ਸੁਸ਼ੀਲ)-ਸਕੋਡਾ ਕਾਰ ਸਵਾਰ ਨੇ ਸ਼ਨੀਵਾਰ ਨੂੰ ਸੈਕਟਰ-34/44 ਦੀ ਡਿਵਾਈਡਿੰਗ ਸੜਕ 'ਤੇ ਬੀਟ ਕਾਰ ਚਾਲਕ ਨੂੰ ਗੱਡੀ ਤੋਂ ਬਾਹਰ ਕੱਢ ਕੇ ਥੱਪੜ ਮਾਰੇ ਤੇ ਗਲਾ ਘੁੱਟ ਕੇ ਫਰਾਰ ਹੋ ਗਿਆ। ਬੀਟ ਕਾਰ ਚਾਲਕ ਥੱਲੇ ਡਿਗ ਪਿਆ। 
ਲੋਕਾਂ ਨੇ ਕੁੱਟਮਾਰ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਤੇ ਜ਼ਖਮੀ ਨੂੰ ਜੀ. ਐੈੱਮ. ਸੀ. ਐੈੱਚ.-32 ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਮ੍ਰਿਤਕ ਦੀ ਪਛਾਣ ਸੈਕਟਰ-37 ਨਿਵਾਸੀ ਪ੍ਰਵੀਨ ਯਾਦਵ ਦੇ ਰੂਪ ਵਿਚ ਹੋਈ ਹੈ। ਸੈਕਟਰ-34 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਚਸ਼ਮਦੀਦ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਕੋਡਾ ਕਾਰ ਚਾਲਕ ਵਾਸੀ ਮੋਹਾਲੀ ਫੇਜ਼-7 ਐੱਮ. ਐੱਸ. ਬੈਂਸ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਲਜ਼ਮ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਤੇ ਉੁਸ ਦਾ ਰਿਮਾਂਡ ਹਾਸਿਲ ਕਰੇਗੀ। 

ਸੈਕਟਰ-37 ਨਿਵਾਸੀ ਪ੍ਰਵੀਨ ਯਾਦਵ ਸ਼ਨੀਵਾਰ ਦੁਪਹਿਰ ਕਿਸੇ ਕੰਮ ਲਈ ਸੈਕਟਰ-44 ਗਿਆ ਸੀ। ਉਹ ਆਪਣੀ ਗੱਡੀ ਸੈਕਟਰ-34/44 ਡਿਵਾਈਡਿੰਗ ਰੋਡ 'ਤੇ ਖੜ੍ਹੀ ਕਰਕੇ ਫੋਨ ਸੁਣ ਰਿਹਾ ਸੀ, ਇੰਨੇ ਵਿਚ ਇਕ ਸਕੋਡਾ ਗੱਡੀ ਨੰਬਰ ਸੀ. ਐੱਚ.-01 ਏ. ਜੀ.-7096 ਦੇ ਚਾਲਕ ਨੇ ਪ੍ਰਵੀਨ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਖੜ੍ਹੀ ਕਰ ਦਿੱਤੀ, ਜਿਸ ਨੂੰ ਲੈ ਕੇ ਬੀਟ ਕਾਰ ਚਾਲਕ ਦੀ ਸਕੋਡਾ ਕਾਰ ਚਾਲਕ ਨਾਲ ਗੱਡੀ ਖੜ੍ਹੀ ਕਰਨ ਤੋਂ ਬਹਿਸ ਹੋ ਗਈ। ਸਕੋਡਾ ਕਾਰ ਚਾਲਕ ਗੱਡੀ ਵਿਚੋਂ ਉਤਰਿਆ ਤੇ ਉਸ ਨੇ ਬੀਟ ਕਾਰ ਚਾਲਕ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸਦਾ ਗਲਾ ਘੁੱਟ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਸਕੋਡਾ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਬੀਟ ਕਾਰ ਚਾਲਕ ਪ੍ਰਵੀਨ ਸੜਕ 'ਤੇ ਡਿਗ ਪਿਆ। 
ਚਸ਼ਮਦੀਦ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪ੍ਰਵੀਨ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-34 ਥਾਣਾ ਪੁਲਸ ਨੇ ਹਸਪਤਾਲ ਤੇ ਘਟਨਾ ਸਥਾਨ 'ਤੇ ਪਹੁੰਚ ਕੇ ਚਸ਼ਮਦੀਦ ਦੇ ਬਿਆਨ ਦਰਜ ਕਰਕੇ ਸਕੋਡਾ ਕਾਰ ਚਾਲਕ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ। 
ਪੁਲਸ ਮੁਲਜ਼ਮ ਤਕ ਪਹੁੰਚੀ ਤੇ ਉਸ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ। ਪੁਲਸ ਨੇ ਦੱਸਿਆ ਕਿ ਪ੍ਰਵੀਨ ਚੰਡੀਗੜ੍ਹ ਵਿਚ ਲਾਈਟ ਕੰਪਨੀ ਦਾ ਡਿਸਟ੍ਰੀਬਿਊਟਰ ਹੈ। ਉਸ ਦੇ ਪਿਤਾ ਸ਼ਿਆਮ ਲਾਲ ਯਾਦਵ ਐੱਲ. ਆਈ. ਸੀ. ਤੋਂ ਰਿਟਾਇਰਡ ਹਨ। ਡੀ. ਐੱਸ. ਪੀ. ਦੀਪਕ ਯਾਦਵ ਨੇ ਦੱਸਿਆ ਕਿ ਸਕੋਡਾ ਕਾਰ ਚਾਲਕ ਵਲੋਂ ਕੁੱਟਮਾਰ ਵਿਚ ਪ੍ਰਵੀਨ ਦੀ ਮੌਤ ਹੋ ਗਈ। ਫੜਿਆ ਗਿਆ ਮੁਲਜ਼ਮ ਪੜ੍ਹਾਈ ਕਰ ਰਿਹਾ ਹੈ। ਸੈਕਟਰ-34 ਥਾਣਾ ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ।


Related News