ਲੁਧਿਆਣਾ ਨਗਰ ਨਿਗਮ ’ਚ ਤਾਇਨਾਤ SE ਕਮੀਸ਼ਨ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ
Tuesday, Apr 15, 2025 - 05:46 AM (IST)

ਜਲੰਧਰ (ਸੁਧੀਰ) – ਸੂਬੇ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਲੁਧਿਆਣਾ ਵਿਜੀਲੈਂਸ ਰੇਂਜ ਨੇ ਅੱਜ ਨਗਰ ਨਿਗਮ ਲੁਧਿਆਣਾ ਵਿਚ ਤਾਇਨਾਤ ਐੱਸ. ਈ. ਸੰਜੇ ਕੰਵਰ ਨੂੰ ਇਕ ਸਥਾਨਕ ਠੇਕੇਦਾਰ ਹਿਤੇਸ਼ ਅਗਰਵਾਲ ਨਿਵਾਸੀ ਲੁਧਿਆਣਾ ਤੋਂ ਕਮੀਸ਼ਨ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤਕਰਤਾ ਹਿਤੇਸ਼ ਅਨੁਸਾਰ ਉਸ ਨੇ ਨਹਿਰੂ ਰੋਜ਼ ਗਾਰਡਨ ਦੇ ਪੁਨਰਵਿਕਾਸ ਪ੍ਰਾਜੈਕਟ ਵਾਸਤੇ ਟੈਂਡਰ ਲਈ ਬਿਨੈ ਕੀਤਾ ਸੀ ਅਤੇ ਕਿਹਾ ਕਿ ਐੱਸ. ਈ. ਸ਼ਿਕਾਇਤਕਰਤਾ ਨੂੰ ਟੈਂਡਰ ਕਾਰਜ ਵੰਡਣ ਬਦਲੇ ਰਿਸ਼ਵਤ ਰਾਸ਼ੀ ਦੇ ਰੂਪ ਵਿਚ 10 ਫੀਸਦੀ ਕਮੀਸ਼ਨ ਦੀ ਮੰਗ ਕਰ ਰਿਹਾ ਸੀ।
ਇਹ ਗੱਲਬਾਤ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਕੀਤੀ ਗਈ ਸੀ ਅਤੇ ਅੱਜ ਉਸ ਨੇ ਵਿਜੀਲੈਂਸ ਦਫਤਰ ਵਿਚ ਆਪਣਾ ਬਿਆਨ ਦਰਜ ਕਰਵਾਇਆ। ਨਗਰ ਨਿਗਮ ਲੁਧਿਆਣਾ ਵਿਚ ਤਾਇਨਾਤ ਐੱਸ. ਈ. ਸੰਜੇ ਕੰਵਰ ਖ਼ਿਲਾਫ਼ ਮਾਮਲਾ ਧਾਰਾ 7 ਪੀ. ਸੀ. ਐਕਟ, ਪੀ. ਐੱਸ. ਲੁਧਿਆਣਾ ਰੇਂਜ ਤਹਿਤ 14 ਅਪ੍ਰੈਲ 2025 ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।