ਮੋਹਾਲੀ 'ਚ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਖੋਲ੍ਹੇ 'ਸਕੂਲ', ਲਏ ਜਾ ਰਹੇ ਨੇ ਬੱਚਿਆਂ ਦੇ ਪੇਪਰ
Tuesday, Jan 05, 2021 - 07:09 PM (IST)
ਮੋਹਾਲੀ (ਨਿਆਮੀਆਂ) : ਪੰਜਾਬ 'ਚ ਕੋਰੋਨਾ ਦੀ ਲਾਗ ਕਾਰਨ ਸਰਕਾਰ ਵੱਲੋਂ ਅਜੇ ਤੱਕ ਸਕੂਲ ਬੰਦ ਕਰਵਾਏ ਗਏ ਹਨ ਅਤੇ ਸਿਰਫ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਬੁਲਾਉਣ ਦੀ ਮਨਜ਼ੂਰੀ ਸਕੂਲਾਂ ਨੂੰ ਦਿੱਤੀ ਗਈ ਹੈ ਪਰ ਮੋਹਾਲੀ 'ਚ ਸਰਕਾਰ ਦੀਆਂ ਹਦਾਇਤਾਂ ਤੋਂ ਉਲਟ ਜਾ ਕੇ ਸਰਕਾਰੀ ਸਕੂਲ, ਸਿਆਊ 'ਚ ਬਕਾਇਦਾ ਸਾਰੇ ਬੱਚਿਆਂ ਨੂੰ ਬੁਲਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਸਕੂਲ ਬੰਦ ਕੀਤੇ ਸਨ ਪਰ ਇੱਥੋਂ ਦੇ ਅਧਿਆਪਕਾਂ ਨੇ ਆਪਣੀ ਮਰਜ਼ੀ ਨਾਲ ਹੀ ਸਕੂਲ ਲਾਏ ਹੋਏ ਹਨ। ਜੇਕਰ ਬੱਚਿਆਂ ਨੂੰ ਕੋਰੋਨਾ ਦੀ ਲਾਗ ਲੱਗ ਜਾਂਦੀ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ। ਇਸੇ ਤਰ੍ਹਾਂ ਹੀ ਬਾਕਰਪੁਰ ਵਿਖੇ ਵੀ ਅਧਿਆਪਕਾਂ ਨੇ ਆਪਣੇ ਪੱਧਰ 'ਤੇ ਸਕੂਲ ਲਾਇਆ ਹੋਇਆ ਸੀ ਅਤੇ ਬੱਚਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਸਨ।
ਜਦੋਂ ਅਧਿਆਪਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਸਕੂਲਾਂ 'ਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ। ਇੱਥੇ ਹੀ ਬਸ ਨਹੀਂ, ਜ਼ਿਲ੍ਹਾ ਸਿੱਖਿਆ ਅਫ਼ਸਰ ਜੋ ਕਿ ਬਹੁਤ ਜ਼ਿੰਮੇਵਾਰ ਅਧਿਕਾਰੀ ਹੁੰਦਾ ਹੈ, ਜਿਨ੍ਹਾਂ ਦਾ ਕੰਮ ਅਜਿਹੀਆਂ ਅਨਿਯਮਿਤਤਾਵਾਂ ਨੂੰ ਰੋਕਣਾ ਹੁੰਦਾ ਹੈ, ਉਹ ਖੁਦ ਸਕੂਲਾਂ ਦੀ ਜਾਂਚ ਕਰ ਰਹੇ ਹਨ ਕਿ ਕਿਸ ਸਕੂਲ 'ਚ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਕਿਸ 'ਚ ਨਹੀਂ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਧਿਆਪਕਾਂ ਨੂੰ ਵੀ ਜ਼ੁਬਾਨੀ ਤੌਰ 'ਤੇ ਹੀ ਅਜਿਹਾ ਕਰਨ ਦੇ ਹੁਕਮ ਉੱਪਰੋਂ ਜਾਰੀ ਹੋ ਰਹੇ ਹਨ ਪਰ ਲਿਖ਼ਤੀ ਤੌਰ 'ਤੇ ਕੁੱਝ ਨਹੀਂ ਹੋ ਰਿਹਾ। ਹੁਣ ਜੇਕਰ ਬੱਚੇ ਅਤੇ ਉਨ੍ਹਾਂ ਦੇ ਨਾਲ-ਨਾਲ ਅਧਿਆਪਕਾਂ ਨੂੰ ਕੋਰੋਨਾ ਵਰਗੀ ਬੀਮਾਰੀ ਹੁੰਦੀ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ, ਇਹ ਸੋਚਣ ਵਾਲੀ ਗੱਲ ਹੈ। ਅਜਿਹੇ 'ਚ ਕੋਰੋਨਾ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।