ਖਤਰੇ ''ਚ ਪਈ ਸਕੂਲੀ ਬੱਚਿਆਂ ਦੀ ਸੁਰੱਖਿਆ

Wednesday, Mar 21, 2018 - 04:45 PM (IST)

ਜਲੰਧਰ (ਸ਼ਾਹ)— ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਪਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਇਸ ਵੱਲ ਨਾ ਤਾਂ ਸਕੂਲ ਸੰਚਾਲਕਾਂ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਕੋਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਸਕੂਲ ਸੰਚਾਲਕਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਸਕੂਲ ਮੈਨੇਜਮੈਂਟ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸੜਕ 'ਤੇ ਉਤਾਰਨ ਦੀ ਬਜਾਏ ਸਕੂਲ ਦੇ ਅੰਦਰ ਹੀ ਬੱਸਾਂ 'ਚੋਂ ਉਤਾਰਿਆ ਅਤੇ ਚੜ੍ਹਾਇਆ ਜਾਵੇ ਤਾਂ ਜੋ ਬੱਚੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ। ਕਈ ਸਕੂਲ ਸੰਚਾਲਕਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਬੱਚਿਆਂ ਨੂੰ ਸਕੂਲ ਦੇ ਬਾਹਰ ਹੀ ਸੜਕ 'ਤੇ ਉਤਾਰਿਆ ਅਤੇ ਚੜ੍ਹਾਇਆ ਜਾ ਰਿਹਾ ਹੈ, ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਅੱਜਕਲ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਦੀ ਪ੍ਰੀਖਿਆ ਚੱਲ ਰਹੀ ਹੈ, ਜਿਸ ਦੇ ਲਈ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਸਕੂਲ ਵਿਚ ਕਈ ਸਕੂਲਾਂ ਦੇ ਬੱਚਿਆਂ ਲਈ ਸੈਂਟਰ ਬਣਾਇਆ ਗਿਆ ਹੈ। 'ਜਗ ਬਾਣੀ' ਦੀ ਟੀਮ ਨੇ ਜਦੋਂ ਇਥੇ ਦੌਰਾ ਕੀਤਾ ਤਾਂ ਸਕੂਲ ਦੇ ਬਾਹਰ ਸਥਿਤ ਸਰਵਿਸ ਲੇਨ 'ਤੇ ਹੀ ਸਾਰੇ ਸਕੂਲਾਂ ਦੀਆਂ ਬੱਸਾਂ ਖੜ੍ਹੀਆਂ ਕੀਤੀਆਂ ਹੋਈਆਂ ਸਨ ਅਤੇ ਬੱਚਿਆਂ ਨੂੰ ਸੜਕ 'ਤੇ ਹੀ ਬੱਸਾਂ 'ਚੋਂ ਉਤਾਰਿਆ ਜਾ ਰਿਹਾ ਹੈ। ਪੇਪਰ ਖਤਮ ਹੋਣ ਤੋਂ ਬਾਅਦ ਜਦੋਂ ਬੱਚੇ ਸਕੂਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਸੜਕ 'ਤੇ ਹੀ ਬੱਸਾਂ 'ਚ ਚੜ੍ਹਾਇਆ ਗਿਆ, ਜੋ ਨਿਯਮਾਂ ਦੇ ਖਿਲਾਫ ਹੈ।
ਬੱਚਿਆਂ ਨੂੰ ਕੰਟਰੋਲ ਕਰਨ ਲਈ ਤਾਇਨਾਤ ਨਹੀਂ ਕੀਤਾ ਗਿਆ ਕੋਈ ਕਰਮਚਾਰੀ 
ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚੇ ਭੱਜਦੇ ਹੋਏ ਬਾਹਰ ਆਉਂਦੇ ਹਨ। ਬੱਚਿਆਂ ਨੂੰ ਕੰਟਰੋਲ ਕਰਨ ਲਈ ਕਿਸੇ ਵੀ ਕਰਮਚਾਰੀ ਨੂੰ ਤਾਇਨਾਤ ਨਹੀਂ ਕੀਤਾ ਗਿਆ। ਨੈਸ਼ਨਲ ਹਾਈਵੇਅ ਹੋਣ ਕਾਰਨ ਵਾਹਨਾਂ ਦੀ ਸਪੀਡ ਵੀ ਕਾਫੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਬੱਚੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਬੈਰੀਕੇਡ ਤਾਂ ਹਨ ਪਰ ਟ੍ਰੈਫਿਕ ਪੁਲਸ ਗਾਇਬ
ਸਕੂਲ ਦੇ ਬਾਹਰ ਸੜਕ 'ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਡ ਤਾਂ ਰੱਖੇ ਗਏ ਹਨ ਪਰ ਉਥੇ ਟ੍ਰੈਫਿਕ ਪੁਲਸ ਦਾ ਕੋਈ ਵੀ ਕਰਮਚਾਰੀ ਤਾਇਨਾਤ ਨਹੀਂ ਕੀਤਾ ਗਿਆ। ਇਥੇ ਟ੍ਰੈਫਿਕ ਪੁਲਸ ਦਾ ਤਾਇਨਾਤ ਹੋਣਾ ਜ਼ਰੂਰੀ ਹੈ ਤਾਂ ਜੋ ਸਕੂਲ ਤੋਂ ਛੁੱਟੀ ਹੋਣ 'ਤੇ ਬੱਚਿਆਂ ਨੂੰ ਟ੍ਰੈਫਿਕ ਰੋਕ ਕੇ ਸੁਰੱਖਿਅਤ ਕੱਢਿਆ ਜਾ ਸਕੇ।
ਸੜਕ 'ਤੇ ਲੱਗ ਜਾਂਦਾ ਹੈ ਜਾਮ
ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸੜਕ 'ਤੇ ਹੀ ਖੜ੍ਹੀਆਂ ਰਹਿੰਦੀਆਂ, ਜਿਸ ਕਾਰਨ ਸੜਕ 'ਤੇ ਜਾਮ ਲੱਗ ਜਾਂਦਾ ਹੈ। ਇਸ ਨਾਲ ਉਥੋਂ ਲੰਘਣ ਵਾਲੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕੋਈ ਵੀ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।


Related News