ਹੁਣ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਵਾਉਣਗੇ ਅਧਿਆਪਕ
Monday, May 30, 2022 - 03:29 PM (IST)
ਨਵਾਂਗਾਓਂ (ਮਨੀਸ਼) : ਸਕੂਲੀ ਬੱਚਿਆਂ ਨਾਲ ਕੋਈ ਸੜਕ ਹਾਦਸਾ ਨਾ ਵਾਪਰੇ, ਇਸ ਲਈ ਮੋਹਾਲੀ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲੇ ਤਹਿਤ ਸਕੂਲ ਦੇ ਬਾਹਰ ਬੱਚਿਆਂ ਨੂੰ ਅਧਿਆਪਕ ਸੜਕ ਪਾਰ ਕਰਵਾਉਣਗੇ। ਇਸ ਸਬੰਧੀ ਹੁਕਮ ਸਕੂਲਾਂ ਲਈ ਜਾਰੀ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਇਸ ਕਦਮ ਨਾਲ ਮਾਪਿਆਂ ਵਿਚ ਪ੍ਰਸ਼ਾਸਨ ਪ੍ਰਤੀ ਖੁਸ਼ੀ ਪਾਈ ਜਾ ਰਹੀ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਸਕੂਲ ਆਉਣ ਅਤੇ ਛੁੱਟੀ ਦੇ ਸਮੇਂ ਅਧਿਆਪਕ ਬੱਚਿਆਂ ਨੂੰ ਸੜਕ ਪਾਰ ਕਰਵਾਉਣਗੇ ਅਤੇ ਡੇਅ ਵਾਈਜ਼ ਇਸ ਲਈ ਅਧਿਆਪਕਾਂ ਦੀ ਡਿਊਟੀ ਲਾਈ ਜਾ ਸਕਦੀ ਹੈ।
ਮੁੱਖ ਗੇਟ ’ਤੇ ਬੱਚਿਆਂ ਲਈ ਅਧਿਆਪਕ ਦੀ ਡਿਊਟੀ ਲਾਈ ਜਾਵੇਗੀ ਤਾਂ ਕਿ ਬੱਚੇ ਸੁਰੱਖਿਅਤ ਸੜਕ ਪਾਰ ਕਰ ਕੇ ਸਕੂਲ ਵਿਚ ਜਾ ਸਕਣ। ਛੁੱਟੀ ਸਮੇਂ ਭੀੜ ਹੋਣ ਕਾਰਨ ਬੱਚੇ ਕਈ ਵਾਰ ਭੱਜ ਕੇ ਸੜਕ ਪਾਰ ਕਰਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਉੱਥੇ ਹੀ ਜੇਕਰ ਕੋਈ ਸਕੂਲ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ। ਲੈਕਚਰਾਰ ਅਤੇ ਸਟੇਟ ਟ੍ਰੈਫਿਕ ਰਿਸੋਰਸ ਪਰਸਨ ਰਾਜਨ ਸ਼ਰਮਾ ਨੇ ਦੱਸਿਆ ਕਿ ਮੋਹਾਲੀ ਪ੍ਰਸ਼ਾਸਨ ਵੱਲੋਂ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਇਸ ਕਦਮ ਨਾਲ ਬੱਚੇ ਸੁਰੱਖਿਅਤ ਹੋਣਗੇ ਅਤੇ ਹਾਦਸਿਆਂ ਤੋਂ ਬਚਣਗੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਸਕੂਲਾਂ ਵਿਚ ਟ੍ਰੈਫਿਕ ਪੁਲਸ ਨਾਲ ਮਿਲ ਕੇ ਉਹ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰ ਰਹੇ ਹਨ।