ਲੌਂਗੋਵਾਲ ਹਾਦਸੇ ਤੋਂ ਬਾਅਦ ਮੋਹਾਲੀ ''ਚ ਸਕੂਲੀ ਬੱਸਾਂ ਦਾ ''ਰਿਐਲਟੀ ਚੈੱਕ''

02/19/2020 9:38:56 AM

ਮੋਹਾਲੀ (ਜੱਸੋਵਾਲ) : ਸੰਗਰੂਰ ਦੇ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲਿਆਂ 'ਚ ਲਗਾਤਾਰ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਪ੍ਰਸ਼ਾਸਨ ਵੀ ਸਕੂਲੀ ਬੱਸਾਂ ਦੀ ਚੈਕਿੰਗ 'ਚ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸਕੂਲਾਂ ਦੇ ਬਾਹਰ ਇਕ ਹੋਰ ਸਮੱਸਿਆ ਸਾਹਮਣੇ ਆਈ ਹੈ। ਅਕਸਰ ਦੇਖਿਆ ਗਿਆ ਹੈ ਕਿ ਸਵੇਰ ਨੂੰ ਸਕੂਲ ਦੇ ਸਮੇਂ ਤੋਂ ਪਹਿਲਾਂ ਸੜਕਾਂ 'ਤੇ ਸਕੂਲੀ ਬੱਸਾਂ ਤੋਂ ਇਲਾਵਾ ਮਾਪੇ ਵੀ ਆਪਣੀਆਂ ਕਾਰਾਂ, ਗੱਡੀਆਂ 'ਚ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਹਨ।

ਬੱਚਾ ਸਕੂਲ ਤੋਂ ਲੇਟ ਨਾ ਹੋ ਜਾਵੇ, ਇਸ ਲਈ ਮਾਪੇ ਨੋ ਪਾਰਕਿੰਗ ਵਾਲੀ ਥਾਂ 'ਚ ਹੀ ਆਪਣੇ ਵਾਹਨ ਪਾਰਕ ਕਰ ਰਹੇ ਹਨ, ਜਿਸ ਕਾਰਨ ਸਕੂਲ ਦੇ ਬਾਹਰ ਲੰਬਾ ਜਾਮ ਲੱਗ ਜਾਂਦਾ ਹੈ, ਜੋ ਕਿ ਇਕ ਵੱਡੀ ਸਮੱਸਿਆ ਹੈ। ਇਸ ਬਾਰੇ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਵੇਰ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ ਅਤੇ ਸਭ ਨੂੰ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਸਮੇਂ ਸਿਰ ਸਕੂਲ ਪੁੱਜ ਜਾਵੇ।

ਕਈ ਮਾਪਿਆਂ ਨੇ ਕਿਹਾ ਕਿ ਕਈ ਸਕੂਲਾਂ ਵਲੋਂ ਗੱਡੀਆਂ ਪਾਰਕ ਕਰਨ ਲਈ ਥਾਂ ਨਹੀਂ ਬਣਾਈ ਗਈ ਹੈ, ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਇੱਕੋ ਥਾਂ ਤੋਂ ਗੱਡੀਆਂ ਕੱਢਣੀਆਂ ਪੈਂਦੀਆਂ ਹਨ। ਮਾਪਿਆਂ ਦਾ ਕਹਿਣਾ ਹੈ ਕਿ ਕਿ ਸਕੂਲਾਂ ਦੇ ਬਾਹਰ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਫਿਰ ਟ੍ਰੈਫਿਕ ਪੁਲਸ ਨੂੰ ਖੜ੍ਹਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਵੀ ਸੜਕਾਂ 'ਤੇ ਆਉਣ-ਜਾਣ 'ਚ ਕੋਈ ਸਮੱਸਿਆ ਨਾ ਆਵੇ।


Babita

Content Editor

Related News