ਸੜਕ ਬੈਠਣ ਕਾਰਨ ਪਲਟੀ ਸਕੂਲ ਬੱਸ, ਵਾਲ-ਵਾਲ ਬਚੇ ਕਈ ਘਰਾ ਦੇ ਚਿਰਾਗ

08/02/2017 5:07:27 PM

ਸ਼ਾਮਚੁਰਾਸੀ (ਚੁੰਬਰ) : ਧਾਮੀਆਂ ਕਾਲਕਟ ਵਿਖੇ ਇਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਖਚਾਖਚ ਭਰੀ ਸਕੂਲ ਬੱਸ ਸੜਕ ਦਾ ਕਿਨਾਰਾ ਬੈਠ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਸਕੂਲ ਬੱਸ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਲੈ ਕੇ ਜਿਉਂ ਹੀ ਕਾਲਕਟ ਪਿੰਡ ਲਾਗੇ ਪਹੁੰਚੀ ਤਾਂ ਮੀਂਹ ਕਾਰਨ ਟੁੱਟ ਚੁੱਕਾ ਸੜਕ ਦਾ ਕਿਨਾਰਾ ਨਾ ਹੋਣ ਕਾਰਨ ਬੱਸ ਸੜਕ ਦੇ ਸੱਜੇ ਪਾਸੇ ਖੇਤ ਵਿਚ ਪਲਟ ਗਈ। ਡਰਾਈਵਰ ਪ੍ਰਦੀਪ ਸਾਂਧਰਾ ਨੇ ਤੁਰੰਤ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਬੱਸ ਵਿਚ ਸਵਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਸਕੂਲ ਪ੍ਰਬੰਧਕ ਰੋਹਿਤ ਰਮੇਸ਼ ਅਤੇ ਪ੍ਰਿੰਸੀਪਲ ਪੂਨਮ ਸੂਦ ਨੇ ਸੰਪਰਕ ਕਰਨ ਤੇ ਦੱਸਿਆ ਕਿ ਸਾਰੇ ਵਿਦਿਆਰਥੀ ਇਕ ਹੋਰ ਵਾਹਨ ਦੀ ਮਦਦ ਨਾਲ ਸਕੂਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਕਿਸੇ ਵੀ ਬੱਚੇ ਦੇ ਪ੍ਰਮਾਤਮਾ ਦੀ ਕਿਰਪਾ ਨਾਲ ਸੱਟ ਨਹੀਂ ਲੱਗੀ। ਸਾਰੇ ਬੱਚੇ ਬਿਲਕੁਲ ਠੀਕ ਠਾਕ ਸਨ। ਇਕ ਵਿਦਿਆਰਥਣ ਅਨਮੋਲ ਪੁੱਤਰੀ ਬਲਵਿੰਦਰ ਸਿੰਘ ਪਿੰਡ ਜੰਡੀ ਨੂੰ ਘਬਰਾਹਟ ਹੋਣ ਕਾਰਨ ਸ਼ਾਮਚੁਰਾਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ। ਬੱਸ ਪਲਟਣ ਦੀ ਸੂਚਨਾ ਮਿਲਦੇ ਹੀ ਸ਼ਾਮਚੁਰਾਸੀ ਪੁਲਸ ਚੌਕੀ ਦੇ ਇੰਚਾਰਜ ਏ. ਐਸ. ਆਈ. ਗੌਤਮ ਕੌਸ਼ਲ ਆਪਣੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਉਕਤ ਹਾਦਸੇ ਦਾ ਜਾਇਜ਼ਾ ਲਿਆ।


Related News