ਪੰਜਾਬ ਦੇ ਜ਼ਿਲ੍ਹੇ ''ਚ ਰਜਿਸਟਰੀਆਂ ਨੂੰ ਲੈ ਕੇ ਘਪਲਾ! ਤਹਿਸੀਲਦਾਰ ''ਤੇ ਲਿਆ ਗਿਆ ਵੱਡਾ Action
Sunday, Feb 02, 2025 - 08:09 AM (IST)
ਲੁਧਿਆਣਾ (ਪੰਕਜ) : ਜਗਰਾਓਂ ’ਚ ਤਾਇਨਾਤ ਤਹਿਸੀਲਦਾਰ ਰਣਜੀਤ ਸਿੰਘ ਨੂੰ, ਜਿਸ ਨੇ ਲੁਧਿਆਣਾ ਦੀ ਤਹਿਸੀਲ ਪੂਰਬੀ ’ਚ ਬੈਠੇ ਹੋਏ ਜਗਰਾਓਂ ਨਾਲ ਸਬੰਧਿਤ ਵਸੀਕਿਆਂ ਨੂੰ ਤਹਿਸੀਲ ਪੂਰਬੀ (ਲੁਧਿਆਣਾ) ’ਚ ਕੰਮ ਕਰਦੇ ਹੋਏ ਰਜਿਸਟਰਡ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੈਵੇਨਿਊ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਲੋਂ ਚਾਰਜਸ਼ੀਟ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਜਗਰਾਓਂ ’ਚ ਤਾਇਨਾਤ ਤਹਿਸੀਲਦਾਰ ਰਣਜੀਤ ਸਿੰਘ ਕੋਲ ਲੁਧਿਆਣਾ ਪੂਰਬੀ ਤਹਿਸੀਲ ਦਾ ਵੀ ਵਾਧੂ ਚਾਰਜ ਸੀ ਅਤੇ 17 ਜਨਵਰੀ 2025 ਨੂੰ ਜਦੋਂ ਉਹ ਪੂਰਬੀ ਤਹਿਸੀਲ ’ਚ ਕੰਮ ਕਰਦੇ ਹੋਏ ਵਸੀਕਿਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਰ ਰਿਹਾ ਸੀ, ਉਸੇ ਦੌਰਾਨ ਉਸ ਨੇ ਜਗਰਾਓਂ ਨਾਲ ਸਬੰਧਿਤ ਕੁੱਝ ਵਸੀਕਿਆਂ ਨੂੰ ਵੀ ਰਜਿਸਟਰਡ ਕਰਦੇ ਹੋਏ ਪ੍ਰਾਪਰਟੀ ਖ਼ਰੀਦਦਾਰ ਅਤੇ ਵੇਚਣ ਵਾਲਿਆਂ ਦੀ ਮੋਬਾਇਲ ਫੋਨ ’ਤੇ ਹੀ ਫੋਟੋ ਕਰ ਲਈ ਸੀ, ਜਿਸ ਤੋਂ ਬਾਅਦ ਜਗਰਾਓਂ ਦੇ ਇਕ ਸ਼ਿਕਾਇਤਕਰਤਾ ਨੇ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਸਾਹਮਣੇ ਉਠਾਉਂਦੇ ਹੋਏ ਇਸ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...
ਜਦੋਂ ਤਹਿਸੀਲਦਾਰ ਰਣਜੀਤ ਸਿੰਘ ਤੋਂ ਜਗਰਾਓਂ ਦੇ ਵਸੀਕਾ ਲੁਧਿਆਣਾ ’ਚ ਕੰਮ ਕਰਦੇ ਸਮੇਂ ਰਜਿਸਟਰਡ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਇਸ ਦੇ ਲਈ ਡੀ. ਸੀ. ਜਤਿੰਦਰ ਜੋਰਵਾਲ ਦਾ ਨਾਂ ਲੈਂਦੇ ਹੋਏ ਸਪੱਸ਼ਟ ਕੀਤਾ ਸੀ ਕਿ ਡੀ. ਸੀ. ਦੇ ਹੁਕਮ ’ਤੇ ਹੀ ਉਸ ਨੇ ਅਜਿਹਾ ਕੀਤਾ ਸੀ। ਹਾਲਾਂਕਿ ਇਸ ਮਾਮਲੇ ’ਚ ਡੀ. ਸੀ. ਜੋਰਵਾਲ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਤਹਿਸੀਲਦਾਰ ਰਣਜੀਤ ਸਿੰਘ ਦੀ ਪਾਵਰ ਵਿਦਡਰਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਓਧਰ, ਇਸ ਕਾਰਵਾਈ ਦੇ ਬਾਵਜੂਦ ਸ਼ਨੀਵਾਰ ਨੂੰ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਇਕ ਪੱਤਰ ਜਾਰੀ ਕਰਦੇ ਹੋਏ ਤਹਿਸੀਲਦਾਰ ਰਣਜੀਤ ਸਿੰਘ ਵਲੋਂ ਕੀਤੀ ਇਸ ਹਰਕਤ ਨੂੰ ਨਿਯਮਾਂ ਦੇ ਉਲਟ ਦੱਸਦੇ ਹੋਏ ਨਾ ਸਿਰਫ ਚਾਰਜਸ਼ੀਟ ਕੀਤਾ ਗਿਆ, ਸਗੋਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦਾ ਵੀ ਹੁਕਮ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਇਕ ਹੀ ਗਲਤੀ ’ਤੇ ਸਜ਼ਾ ਵੱਖ-ਵੱਖ
ਇਕ ਤਹਿਸੀਲ ਦੇ ਵਸੀਕੇ ਦੂਜੀ ਤਹਿਸੀਲ ’ਚ ਰਜਿਸਟਰਡ ਕਰਨ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡੇਹਲੋਂ ਤਹਿਸੀਲ ’ਚ ਤਾਇਨਾਤ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ, ਜਿਸ ਕੋਲ ਕੇਂਦਰੀ ਤਹਿਸੀਲ ਦਾ ਵੀ ਚਾਰਜ ਸੀ, ਨੇ ਦਰਜਨਾਂ ਕੇਂਦਰੀ ਤਹਿਸੀਲ ਦੇ ਵਸੀਕਿਆਂ ਨੂੰ ਡੇਹਲੋਂ ਤਹਿਸੀਲ ਵਿਚ ਕੰਮ ਕਰਦੇ ਸਮੇਂ ਰਜਿਸਟਰਡ ਕਰ ਦਿੱਤਾ ਸੀ। ਸਰਕਾਰ ਦੇ ਹੁਕਮਾਂ ਦੇ ਬਾਵਜੂਦ ਬਿਨਾਂ ਐੱਨ. ਓ. ਸੀ. ਗੈਰ-ਕਾਨੂੰਨੀ ਕਾਲੋਨੀ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰਨ ਵਾਲੇ ਚੀਮਾ ’ਤੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਅਧਿਕਾਰੀ ਮਾਮਲੇ ਨੂੰ ਦਬਾਉਂਦੇ ਰਹੇ ਅਤੇ ਕਈ ਮਹੀਨੇ ਤੱਕ ਉਕਤ ਰੈਵੇਨਿਊ ਅਧਿਕਾਰੀ ਆਪਣੀ ਸੀਟ ’ਤੇ ਡਟਿਆ ਰਿਹਾ ਸੀ। ਇਕ ਹੀ ਗਲਤੀ ਕਰਨ ਵਾਲੇ 2 ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਪੈਮਾਨਾ ਵੱਖ-ਵੱਖ ਹੋਣ ਕਾਰਨ ਤਹਿਸੀਲਦਾਰ ਰਣਜੀਤ ਸਿੰਘ ਨੂੰ ਸਸਪੈਂਡ ਅਤੇ ਚਾਰਜਸ਼ੀਟ ਕਰਨ ਦਾ ਮਾਮਲਾ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤਹਿਸੀਲਦਾਰ ਵਲੋਂ ਜਗਰਾਓਂ ਦੇ ਵਸੀਕਾ ਪੂਰਬੀ ਤਹਿਸੀਲ ’ਚ ਰਜਿਸਟਰਡ ਕਰਨ ਪਿੱਛੇ ਦਾ ਜੋ ਮੁੱਖ ਕਾਰਨ (ਡੀ. ਸੀ. ਦਾ ਹੁਕਮ) ਦੱਸਿਆ ਗਿਆ ਸੀ, ਉਸ ਦੀ ਜਾਂਚ ਤੋਂ ਬਿਨਾਂ ਸਿੱਧਾ ਸਸਪੈਂਡ ਦੀ ਕਾਰਵਾਈ ਨਾਲ ਰੈਵੇਨਿਊ ਅਧਿਕਾਰੀਆਂ ’ਚ ਰੋਸ ਵੱਧਦਾ ਦਿਖਾਈ ਦੇ ਰਿਹਾ ਹੈ। ਰਿਟਾਇਰਮੈਂਟ ਦੇ ਬੇਹੱਦ ਨੇੜੇ ਪੁੱਜ ਚੁੱਕੇ ਤਹਿਸੀਲਦਾਰ ਰਣਜੀਤ ਸਿੰਘ ਖ਼ਿਲਾਫ਼ ਹੋਈ ਸਖ਼ਤ ਕਾਰਵਾਈ ਚਰਚਾ ਵਿਚ ਬਣੀ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8