ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ

Monday, Mar 26, 2018 - 07:40 AM (IST)

ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ

ਹਰ ਸਾਲ ਅਪ੍ਰੈਲ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਵਿਸਾਖੀ ਤੋਂ ਪਹਿਲਾਂ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਖੇਤ ਵਿਚ ਖੜ੍ਹੀ ਕਣਕ ਨੂੰ ਅੱਗ ਲੱਗੀ, ਕਿਸਾਨਾਂ ਦੇ ਲੱਖਾਂ ਰੁਪਏ ਸੜ ਕੇ ਸਵਾਹ ਹੋ ਗਏ। ਕਣਕ ਦੇ ਸੀਜ਼ਨ ਦੌਰਾਨ ਅਨਾਜ ਨੂੰ ਅੱਗ ਲੱਗਣ ਦੀ ਇੱਕਾ-ਦੁੱਕਾ ਨਹੀਂ, ਸਗੋਂ ਸੈਂਕੜੇ ਘਟਨਾਵਾਂ ਵਾਪਰਦੀਆਂ ਹਨ। ਪੰਜਾਬ ਅੰਦਰ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਦੀ ਲਪੇਟ ਵਿਚ ਆਉਣ ਕਰਕੇ ਜਾਨੀ ਨੁਕਸਾਨ ਵੀ ਹੋ ਚੁੱਕੇ ਹਨ। ਕਣਕਾਂ ਨੂੰ ਅੱਗ ਲੱਗਣ ਪਿੱਛੇ ਮੁੱਖ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਜੋੜਾਂ ਵਿਚੋਂ ਚੰਗਿਆੜੇ ਨਿਕਲਣੇ, ਤੂੜੀ ਬਣਾਉਂਦੇ ਸਮੇਂ ਰੀਪਰ-ਟਰੈਕਟਰ ਆਦਿ ਵਿਚੋਂ ਅੱਗ ਦੇ ਪਤੰਗੇ ਬਾਹਰ ਆਉਣੇ, ਬੀੜੀ-ਸਿਗਰਟ ਦੇ ਨਾਲ ਹੀ ਕਣਕ ਦੇ ਨਾੜ ਨੂੰ ਲਾਈ ਅੱਗ ਵੀ ਕਈ ਵਾਰ ਨਾਲ ਖੜ੍ਹੀ ਕਣਕ ਨੂੰ ਆਪਣੀ ਲਪੇਟ 'ਚ ਲੈਂਦੀ ਹੈ। ਫਿਰ ਵੀ ਸਰਕਾਰਾਂ ਤੇ ਪ੍ਰਸ਼ਾਸਨ ਖੇਤਾਂ ਵਿਚ ਖੜ੍ਹੇ ਅਨਾਜ ਨੂੰ ਅੱਗ ਲੱਗਣ ਸਮੇਂ ਹੀ ਜਾਗਦੇ ਹਨ। ਹੋਰਨਾਂ ਗੈਰ-ਕੁਦਰਤੀ ਆਫਤਾਂ ਦੀ ਤਰ੍ਹਾਂ ਕਿਸਾਨਾਂ ਦੇ ਇਸ ਨੁਕਸਾਨ ਨੂੰ ਬਚਾਉਣ ਲਈ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਿਰਫ ਬਿਆਨਬਾਜ਼ੀਆਂ ਅਤੇ ਮੁਆਵਜ਼ਾ ਦੇਣ ਦੀ ਗੱਲ ਕਰ ਕੇ ਅੱਗ ਲੱਗਣ ਦੀਆਂ ਘਟਨਾਵਾਂ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਹੈ।
ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਕੇ ਸਰਕਾਰਾਂ, ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਨਹੀਂ ਕਰਦੀਆਂ, ਸਗੋਂ ਸੋਨੇ ਵਰਗੇ ਖੇਤਾਂ ਨੂੰ ਲੱਗੀ ਅੱਗ ਨਾਲ ਹੋਏ ਜ਼ਖਮਾਂ ਉੱਪਰ ਲੂਣ ਵੀ ਭੁੱਕਦੀਆਂ ਹਨ। ਜੇਕਰ ਬਿਜਲੀ ਬੋਰਡ ਦੀ ਜਾਂ ਫਿਰ ਕਿਸੇ ਹੋਰ ਮਨੁੱਖੀ ਗਲਤੀ ਕਾਰਨ ਖੇਤ ਵਿਚ ਖੜ੍ਹੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਨੂੰ ਘੱਟੋ-ਘੱਟ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਕਣਕ ਦੀ ਫਸਲ ਪੰਜਾਬ ਦੇ ਕਿਸਾਨ ਦੀ ਮੁੱਖ ਫਸਲ ਹੁੰਦੀ ਹੈ। ਜੇਕਰ ਇਹੋ ਫਸਲ ਅੱਗ ਦੀ ਲਪੇਟ ਵਿਚ ਆ ਜਾਂਦੀ ਹੈ ਤਾਂ ਕਿਸਾਨ ਸਾਰੀ ਉਮਰ ਸਿਰ ਚੜ੍ਹਿਆ ਆਪਣਾ ਕਰਜ਼ਾ ਨਹੀਂ ਉਤਾਰ ਸਕਦਾ। ਜੇਕਰ ਹਾੜੀ ਦੀ ਫਸਲ ਦੌਰਾਨ ਕਿਸਾਨ ਦੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ। ਇਕ ਪਾਸੇ ਤਾਂ ਕਣਕ ਅੱਗ ਦੀ ਭੇਟ ਚੜ੍ਹ ਜਾਂਦੀ ਹੈ। ਦੂਜੇ ਪਾਸੇ ਕਿਸਾਨ ਨੂੰ ਆਪਣੇ ਪਰਿਵਾਰ ਅਤੇ ਪਸ਼ੂਆਂ ਵਾਸਤੇ ਕਣਕ ਮੁੱਲ ਖਰੀਦਣੀ ਪੈਂਦੀ ਹੈ।
ਸਰਕਾਰ ਨੂੰ ਅੱਗ ਤੋਂ ਬਚਾਅ ਦੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ। ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਅੱਗਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ  ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ। ਅੱਗ ਬੁਝਾਊ ਗੱਡੀਆਂ ਜ਼ਿਲਿਆਂ ਵਿਚ ਖੜ੍ਹੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿਚੋਂ ਬਹੁਤੀਆਂ ਚਲਦੀਆਂ ਹੀ ਨਹੀਂ। ਕਣਕ ਦੇ ਸੀਜ਼ਨ ਦੇ ਦੌਰਾਨ ਸਰਕਾਰ ਨੂੰ ਸਬ-ਡਵੀਜ਼ਨ ਪੱਧਰ 'ਤੇ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਲੋੜ ਪੈਣ 'ਤੇ ਬੁਲਾਇਆ ਜਾ ਸਕੇ। ਜੇਕਰ ਅੱਗ ਬੁਝਾਊ ਗੱਡੀਆਂ ਦਾ ਸਬ-ਡਵੀਜ਼ਨ ਪੱਧਰ 'ਤੇ ਪ੍ਰਬੰਧ ਕੀਤਾ ਜਾਵੇ ਤਾਂ ਅਨਾਜ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਚ ਹੋਣ ਵਾਲੇ ਪੰਜਾਹ ਫੀਸਦੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਇਹੋ ਜਿਹੇ ਪ੍ਰਬੰਧ ਨਹੀਂ ਕਰਦੇ।
ਇਨ੍ਹਾਂ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ, ਜਿਸ ਉੱਪਰ ਕਾਬੂ ਪਾਉਣਾ ਸੌਖਾ ਕੰਮ ਨਹੀਂ ਹੁੰਦਾ। ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਬੋਰਡ ਵਲੋਂ ਛੱਡੇ ਜਾਂਦੇ ਢਿੱਲੇ ਜੋੜਾਂ, ਤਾਰਾਂ ਆਦਿ ਨੂੰ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਠੀਕ ਕੀਤਾ ਜਾਣਾ ਚਾਹੀਦਾ ਹੈ। ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵਿਸ਼ੇਸ਼ ਉਪਰਾਲੇ ਕਰੇ, ਅੱਗ ਬੁਝਾਊ ਗੱਡੀਆਂ ਹਾੜੀ ਦੇ ਸੀਜ਼ਨ ਮੌਕੇ ਸਬ-ਡਵੀਜ਼ਨ ਪੱਧਰ 'ਤੇ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਿੰਨੇ ਸਮੇਂ ਅੰਦਰ ਅੱਗ ਬੁਝਾਊ ਗੱਡੀ ਪਹੁੰਚਦੀ ਹੈ, ਉਸ ਤੋਂ ਪਹਿਲਾਂ ਹੀ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਪਰ ਅੱਜ ਤਕ ਕਣਕ ਦੇ ਸੀਜ਼ਨ ਦੌਰਾਨ ਸਰਕਾਰ ਨੇ ਇਹੋ ਜਿਹੇ ਕੋਈ ਪ੍ਰਬੰਧ ਨਹੀਂ ਕੀਤੇ, ਜਿਨ੍ਹਾਂ ਨਾਲ ਕਣਕ ਨੂੰ ਅੱਗ ਲੱਗਣ ਤੋਂ ਬਾਅਦ ਇਸ 'ਤੇ ਸੌਖਿਆਂ ਹੀ ਕਾਬੂ ਪਾਇਆ ਜਾ ਸਕੇ।
—ਬ੍ਰਿਸ ਭਾਨ ਬੁਜਰਕ, 98761-01698


Related News