ਲਗਜ਼ਰੀ BMW ਸੜਕ ''ਤੇ ਬਣੀ ਅੱਗ ਦਾ ਗੋਲਾ, ਵਿੱਚ ਬੈਠੇ ਮੁੰਡੇ-ਕੁੜੀ ਨੇ ਛਾਲ ਮਾਰ ਬਚਾਈ ਜਾਨ
Monday, Jan 19, 2026 - 09:48 AM (IST)
ਲੁਧਿਆਣਾ (ਰਾਜ) : ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਫਿਰੋਜ਼ਪੁਰ ਰੋਡ 'ਤੇ ਐਤਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਬੀ. ਐੱਮ. ਡਬਲਿਊ. ਕਾਰ ਅਚਾਨਕ ਅੱਗ ਦੀਆਂ ਲਪਟਾਂ 'ਚ ਫਸ ਗਈ। ਐੱਮ. ਬੀ. ਡੀ. ਮਾਲ ਦੇ ਬਿਲਕੁਲ ਸਾਹਮਣੇ ਕਾਰ ਦੇ ਹੁੱਡ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲੀਆਂ। ਖੁਸ਼ਕਿਸਮਤੀ ਨਾਲ ਡਰਾਈਵਰ ਨੇ ਸਮੇਂ ਸਿਰ ਸਮਝਦਾਰੀ ਦਿਖਾਈ ਅਤੇ ਆਪਣੀ ਜਾਨ ਬਚਾਉਂਦੇ ਹੋਏ ਬਾਹਰ ਛਾਲ ਮਾਰ ਦਿੱਤੀ। ਨਹੀਂ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ : ਲੋਹੜੀ ਬੰਪਰ 2026 : ਇਸ ਲੱਕੀ ਨੰਬਰ ਦਾ ਨਿਕਲਿਆ 10 ਕਰੋੜ, ਦੇਖੋ ਪੂਰੀ ਲਿਸਟ
ਰਿਪੋਰਟਾਂ ਅਨੁਸਾਰ ਅਕਰਸ਼ ਨਾਂ ਦਾ ਇੱਕ ਨੌਜਵਾਨ ਆਪਣੀ ਮਹਿਲਾ ਦੋਸਤ ਨਾਲ ਬੀ. ਐੱਮ. ਡਬਲਿਊ. ਕਾਰ 'ਚ ਸਫ਼ਰ ਕਰ ਰਿਹਾ ਸੀ। ਜਿਵੇਂ ਹੀ ਕਾਰ ਐੱਮ. ਬੀ. ਡੀ. ਮਾਲ ਦੇ ਨੇੜੇ ਪਹੁੰਚੀ, ਅਚਾਨਕ ਹੁੱਡ ਵਿੱਚੋਂ ਕਾਲਾ ਧੂੰਆਂ ਉੱਠਣ ਲੱਗਾ। ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਉਸਨੇ ਕਾਰ ਰੋਕ ਲਈ। ਕੁੱਝ ਸੈਕਿੰਡਾਂ ਵਿੱਚ ਹੀ ਕਾਰ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਨੇੜੇ ਆਉਂਦੇ ਦੇਖ ਨੌਜਵਾਨ ਅਤੇ ਔਰਤ ਨੇ ਤੁਰੰਤ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਸਟੇਸ਼ਨ ਤੋਂ ਫਾਇਰ ਟੈਂਡਰ ਟੀਮ ਘਟਨਾ ਸਥਾਨ 'ਤੇ ਪਹੁੰਚੀ। ਫਾਇਰਮੈਨ ਰਮਨ ਕੁਮਾਰ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਚੁੱਕੀ ਸੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਟੀਮ ਨੇ ਪਾਣੀ ਦੀਆਂ ਤੋਪਾਂ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਆਲੀਸ਼ਾਨ ਬੀ. ਐੱਮ. ਡਬਲਿਊ. ਪੂਰੀ ਤਰ੍ਹਾਂ ਸੜ ਚੁੱਕੀ ਸੀ। ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
