ਸਾਊਦੀ ਅਰਬ ਗਏ ਹਰਜੀਤ ਦੀ ਲਾਸ਼ ਵੀ ਪਰਿਵਾਰ ਨੂੰ ਦੇਖਣੀ ਨਸੀਬ ਨਾ ਹੋਈ
Thursday, Apr 18, 2019 - 06:30 PM (IST)
![ਸਾਊਦੀ ਅਰਬ ਗਏ ਹਰਜੀਤ ਦੀ ਲਾਸ਼ ਵੀ ਪਰਿਵਾਰ ਨੂੰ ਦੇਖਣੀ ਨਸੀਬ ਨਾ ਹੋਈ](https://static.jagbani.com/multimedia/2019_4image_13_32_381109668ldhmachi.jpg)
ਮਾਛੀਵਾੜਾ ਸਾਹਿਬ/ਸਮਰਾਲਾ (ਟੱਕਰ, ਗਰਗ) : ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ, ਜੋ ਕਿ ਰੋਜ਼ਗਾਰ ਲਈ ਸਾਊਦੀ ਅਰਬ ਗਿਆ ਸੀ, ਉਥੇ ਉਸ ਨੂੰ ਇਕ ਕਤਲ ਦੇ ਕਥਿਤ ਦੋਸ਼ ਹੇਠ ਬੀਤੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਸੀ ਅਤੇ ਉਸ ਦੇ ਬਜ਼ੁਰਗ ਮਾਪੇ ਅਤੇ ਪਰਿਵਾਰਕ ਮੈਂਬਰ, ਜੋ ਆਪਣੇ ਪੁੱਤਰ ਦੇ ਜਿਊਂਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਵੇਗੀ।
2007 'ਚ ਰੋਜ਼ਗਾਰ ਲਈ ਗਿਆ ਸੀ ਸਾਊਦੀ ਅਰਬ
ਮ੍ਰਿਤਕ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ 21 ਸਾਲ ਦੀ ਉਮਰ 'ਚ 2007 'ਚ ਰੋਜ਼ਗਾਰ ਲਈ ਸਾਊਦੀ ਅਰਬ ਗਿਆ, ਜਿੱਥੇ ਉਹ ਕੰਪਨੀ ਅਲ-ਮਜੀਦ 'ਚ ਡਰਾਈਵਰੀ ਕਰਨ ਲੱਗਾ। 2012 'ਚ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਘਰ ਮਿਲਣ ਲਈ ਆਇਆ ਅਤੇ ਉਸ ਤੋਂ ਬਾਅਦ ਉਹ ਵਾਪਸ ਫਿਰ ਸਾਊਦੀ ਅਰਬ ਵਾਪਸ ਚਲਾ ਗਿਆ। 2015 'ਚ ਸਾਊਦੀ ਅਰਬ ਵਿਖੇ ਕੰਪਨੀ 'ਚ ਕੁਝ ਪੰਜਾਬੀਆਂ ਵਿਚਕਾਰ ਝਗੜਾ ਹੋ ਗਿਆ ਅਤੇ ਪੁਲਸ 4 ਵਿਅਕਤੀਆਂ ਨੂੰ ਥਾਣੇ ਲੈ ਗਈ, ਜਿਸ 'ਚ ਉਸ ਦਾ ਛੋਟਾ ਭਰਾ ਹਰਜੀਤ ਸਿੰਘ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਸਤਵਿੰਦਰ ਸਿੰਘ ਸੀ। ਉਥੇ ਜਾਂਚ ਦੌਰਾਨ ਸਾਊਦੀ ਅਰਬ ਦੀ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਇਕ ਭਾਰਤੀ ਮੂਲ ਦੇ ਕਤਲ ਕੇਸ 'ਚ ਰਿਆਦ ਜੇਲ ਭੇਜ ਦਿੱਤਾ ਸੀ।
ਕਿਸੇ ਵੀ ਮੈਂਬਰ ਨੂੰ ਸੂਚਿਤ ਕੀਤੇ ਬਿਨਾਂ ਦਿੱਤੀ ਫਾਂਸੀ
ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਿਆਦ ਜੇਲ 'ਚ ਬੰਦ ਆਪਣੇ ਭਰਾ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਪੇਤਰ ਲਿਖੇ, ਸਮਾਜਸੇਵੀ ਐੱਸ. ਪੀ. ਸਿੰਘ ਓਬਰਾਏ ਅਤੇ ਬਲਵੰਤ ਸਿੰਘ ਰਾਮੂਵਾਲੀਆ ਦੀ ਪੁੱਤਰੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਵੀ ਰਾਬਤਾ ਕਾਇਮ ਕੀਤਾ। ਉਨ੍ਹਾਂ ਨੂੰ ਆਸ ਸੀ ਕਿ ਹਰਜੀਤ ਸਿੰਘ ਸਹੀ ਸਲਾਮਤ ਆਪਣੇ ਵਤਨ ਘਰ ਪਰਤ ਆਵੇਗਾ। ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ 24 ਫਰਵਰੀ ਨੂੰ ਉਸ ਦੀ ਹਰਜੀਤ ਸਿੰਘ ਨਾਲ ਰਿਆਦ ਜੇਲ ਤੋਂ ਫੋਨ 'ਤੇ ਗੱਲ ਵੀ ਹੋਈ ਪਰ ਉਦੋਂ ਤੱਕ ਉਸ ਦੇ ਭਰਾ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਸ ਨੂੰ 28 ਫਰਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਹਰਜੀਤ ਦੇ ਪਿਤਾ ਬੁੱਧ ਸਿੰਘ ਤੇ ਮਾਤਾ ਜਸਵਿੰਦਰ ਕੌਰ ਤੋਂ ਇਲਾਵਾ ਸਾਰੇ ਪਰਿਵਾਰਕ ਮੈਂਬਰ ਇਸ ਗੱਲੋਂ ਹੈਰਾਨ ਹਨ ਕਿ ਬਿਨਾਂ ਕਿਸੇ ਪਰਿਵਾਰਕ ਮੈਂਬਰ ਨੂੰ ਸੂਚਿਤ ਕੀਤੇ ਅਤੇ ਬਿਨਾਂ ਭਾਰਤੀ ਅੰਬੈਸੀ ਨੂੰ ਦੱਸੇ ਸਾਊਦੀ ਅਰਬ ਦੀ ਸਰਕਾਰ ਨੇ ਹਰਜੀਤ ਸਿੰਘ ਨੂੰ ਫਾਂਸੀ ਦੇ ਦਿੱਤੀ, ਜੋ ਕਿ ਸਰਾਸਰ ਧੱਕੇਸ਼ਾਹੀ ਹੈ।
ਉਨ੍ਹਾਂ ਦੱਸਿਆ ਕਿ ਸਾਊਦੀ ਸਰਕਾਰ ਵਲੋਂ ਹਰਜੀਤ ਦੀ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਪਰਿਵਾਰਕ ਮੈਂਬਰ ਬੇਹੱਦ ਗਮਗੀਨ ਹਨ ਕਿ ਘੱਟੋ-ਘੱਟ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਤਾਂ ਕਰ ਸਕਣ। ਉਨ੍ਹਾਂ ਦੱਸਿਆ ਕਿ ਅਜੇ ਤੱਕ ਸਾਨੂੰ ਮੰਤਰਾਲੇ ਜਾਂ ਦੂਤਾਵਾਸ ਤੋਂ ਉਸ ਦੀ ਫਾਂਸੀ ਬਾਰੇ ਕੋਈ ਅਧਿਕਾਰਕ ਚਿੱਠੀ ਪ੍ਰਾਪਤ ਨਹੀਂ ਹੋਈ। ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਹਰਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ 1 ਮਾਰਚ ਨੂੰ ਅਮਨਜੋਤ ਰਾਮੂਵਾਲੀਆ ਨੇ ਉਨ੍ਹਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਸ਼ਾਇਦ ਜੋ ਰਿਆਦ ਵਿਖੇ 2 ਪੰਜਾਬੀਆਂ ਨੂੰ ਫਾਂਸੀ ਦਿੱਤੀ ਹੈ, ਉਸ ਵਿਚ ਜੇਲ 'ਚ ਬੰਦ ਹਰਜੀਤ ਸਿੰਘ ਸ਼ਾਮਲ ਹੋ ਸਕਦਾ ਹੈ।
ਫਾਂਸੀ ਦੀ ਸਜ਼ਾ ਪ੍ਰਾਪਤ ਹਰਜੀਤ ਸਿੰਘ ਤੇ ਸਤਵਿੰਦਰ ਸਿੰਘ ਦੇ ਨਾਵਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਹੁਸ਼ਿਆਰਪੁਰ ਵਾਸੀ ਸਤਵਿੰਦਰ ਸਿੰਘ ਪਤੀ ਸੀਮਾ ਰਾਣੀ ਨੇ ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਇਸ ਦੀ ਸੁਣਵਾਈ ਦੌਰਾਨ 10 ਅਪ੍ਰੈਲ ਨੂੰ ਐੱਫ. ਈ. ਏ. ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ 28 ਫਰਵਰੀ ਨੂੰ ਦਿੱਤੀ ਜਾ ਚੁੱਕੀ ਹੈ।
ਸਾਊਦੀ ਅਰਬ ਕਾਨੂੰਨ ਅਨੁਸਾਰ ਫਾਂਸੀ ਵਾਲੇ ਵਿਅਕਤੀ ਦੀ ਦੇਹ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ
ਸਾਊਦੀ ਅਰਬ ਦੇ ਦੂਤਾਘਰ ਵਿਖੇ ਤਾਇਨਾਤ ਭਾਰਤੀ ਡਾਇਰੈਕਟਰ (ਕੌਂਸਲਰ) ਪ੍ਰਕਾਸ਼ ਚੰਦ ਨੇ ਭਾਰਤੀ ਅੰਬੈਸੀ ਨੂੰ ਚਿੱਠੀ ਲਿਖ ਕੇ ਵੇਰਵਾ ਦਿੱਤਾ ਕਿ ਸਾਊਦੀ ਪ੍ਰਣਾਲੀ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਜਾਂ ਸਬੰਧਿਤ ਦੂਤਾਵਾਸ ਹਵਾਲੇ ਨਹੀਂ ਕੀਤੀ ਜਾਂਦੀ। ਇਸ ਸਬੰਧੀ ਮੌਤ ਦਾ ਸਰਟੀਫਿਕੇਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ।