ਸਤਨਾਮ ਕਤਲ ਕੇਸ : ਜਾਂਚ ਮੁਕੰਮਲ, ਜਲਦ ਚਲਾਣ ਪੇਸ਼ ਕਰੇਗੀ ਚੰਡੀਗੜ੍ਹ ਪੁਲਸ

05/08/2018 12:09:06 PM

ਚੰਡੀਗੜ੍ਹ (ਬਰਜਿੰਦਰ) : ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਸਤਨਾਮ ਸਿੰਘ ਦੀ ਚੰਡੀਗੜ੍ਹ ਦੇ ਸੈਕਟਰ-38 ਸਥਿਤ ਗੁਰਦੁਆਰਾ ਸੰਤਸਰ ਸਾਹਿਬ ਕੋਲ 9 ਅਪ੍ਰੈਲ, 2017 ਨੂੰ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਚੰਡੀਗੜ੍ਹ ਪੁਲਸ ਨੇ ਪੇਸ਼ ਜਵਾਬ 'ਚ ਕਿਹਾ ਕਿ ਕੇਸ 'ਚ ਟ੍ਰਾਇਲ ਕੋਰਟ ਸਾਹਮਣੇ ਛੇਤੀ ਹੀ ਹਿਰਾਸਤ ਵਿਚ ਲਈ ਗਏ ਹੋਰ ਮੁਲਜ਼ਮ ਬੌਬੀ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਜਾਵੇਗਾ।  ਉਸਨੂੰ ਪੰਜਾਬ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਪੁਲਸ ਵੱਲੋਂ ਦੱਸਿਆ ਗਿਆ ਕਿ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ ਅਤੇ 2 ਤੋਂ 3 ਦਿਨਾਂ 'ਚ ਚਲਾਨ ਪੇਸ਼ ਕਰ ਦੇਵੇਗੀ। 
28 ਮਈ ਨੂੰ ਕੇਸ ਦੀ ਅਗਲੀ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਪਟੀਸ਼ਨਰ ਪੱਖ ਦੇ ਕਾਊਂਸਿਲ ਨੇ ਕਿਹਾ ਕਿ ਬੀਤੇ ਸਾਲ ਮਈ 'ਚ ਹੀ ਦੋਸ਼ੀ ਪੱਖ ਨੇ 2 ਦੋਸ਼ੀਆਂ ਦੀ ਪੁਲਸ ਨਾਲ ਸੈਟਿੰਗ ਦਾ ਦਾਅਵਾ ਕੀਤਾ ਸੀ। ਜਾਚ ਪੱਖ ਵੱਲੋਂ ਇਸ ਕਤਲ ਪਿੱਛੇ ਵਿੱਕੀ ਗੌਂਡਰ ਗੈਂਗ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਗੌਂਡਰ ਦਾ ਹਾਲ ਹੀ 'ਚ ਪੰਜਾਬ ਪੁਲਸ ਨੇ ਇਨਕਾਊਂਟਰ ਕੀਤਾ ਸੀ। ਮ੍ਰਿਤਕ ਸਤਨਾਮ ਦੇ ਭਰਾ ਨੇ ਚੰਡੀਗੜ੍ਹ ਪੁਲਸ 'ਤੇ ਮੁਲਜ਼ਮਾਂ ਨਾਲ ਮਿਲੀਭੁਗਤ ਦੇ ਦੋਸ਼ ਲਾਉਂਦੇ ਹੋਏ ਸੀ. ਬੀ. ਆਈ. ਜਾਂ ਐੱਨ. ਆਈ. ਏ. ਤੋਂ ਜਾਂਚ ਦੀ ਮੰਗ ਕੀਤੀ ਸੀ। ਉਥੇ ਹੀ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਉਹ ਜਾਂਚ ਦੀ ਮਾਨੀਟਰਿੰਗ ਕਰੇ। ਮ੍ਰਿਤਕ ਦੇ ਭਰਾ ਪਰਮਿੰਦਰ ਸਿੰਘ ਨੇ ਦੋਸ਼ਾਂ 'ਚ ਕਿਹਾ ਹੈ ਕਿ ਪੁਲਸ ਨਿਰਪੱਖ ਜਾਂਚ ਨਹੀਂ ਕਰ ਰਹੀ ਅਤੇ ਜਾਂਚ 'ਚ ਢਿੱਲ ਵਰਤ ਰਹੀ ਹੈ, ਤਾਂ ਕਿ ਸਬੂਤ ਮਿਟ ਜਾਣ, ਜਿਸਦਾ ਲਾਭ ਮੁਲਜ਼ਮਾਂ ਨੂੰ ਮਿਲੇ।


Related News