''ਗੌਂਡਰ ਮਾਰਿਆ ਗਿਆ ਤਾਂ ਸਰਪੰਚ ਕਤਲਕਾਂਡ ਦੀ ਜਾਂਚ ਦੀ ਕੋਈ ਲੋੜ ਨਹੀਂ''

Tuesday, Jan 30, 2018 - 12:49 PM (IST)

''ਗੌਂਡਰ ਮਾਰਿਆ ਗਿਆ ਤਾਂ ਸਰਪੰਚ ਕਤਲਕਾਂਡ ਦੀ ਜਾਂਚ ਦੀ ਕੋਈ ਲੋੜ ਨਹੀਂ''

ਚੰਡੀਗੜ੍ਹ : ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਤਾਂ ਪੁਲਸ ਐਨਕਾਊਂਟਰ 'ਚ ਮਾਰਿਆ ਗਿਆ ਹੈ, ਇਸ ਲਈ ਸਰਪੰਚ ਕਤਲਕਾਂਡ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਕਹਿਣਾ ਹੈ ਚੰਡੀਗੜ੍ਹ ਪੁਲਸ ਦਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ-38 'ਚ ਸਥਿਤ ਗੁਰਦੁਆਰੇ ਸਾਹਮਣੇ ਹੁਸ਼ਿਆਰਪੁਰ ਦੇ ਖੁਰਦਾ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਬੀਤੀ ਅਪ੍ਰੈਲ 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਮੁੱਖ ਦੋਸ਼ੀ ਵਿੱਕੀ ਗੌਂਡਰ ਦੱਸਿਆ ਜਾ ਰਿਹਾ ਸੀ। ਇਸ ਲਈ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਵਿੱਕੀ ਗੌਂਡਰ ਐਨਕਾਊਂਟਰ 'ਚ ਮਾਰਿਆ ਜਾ ਚੁੱਕਾ ਹੈ। ਅਜਿਹੇ 'ਚ ਹੁਣ ਇਸ ਮਾਮਲੇ ਦੀ ਸੀ. ਬੀ. ਆਈ. ਜਾਂ ਐੱਨ. ਆਈ. ਏ. ਤੋਂ ਜਾਂਚ ਕਰਾਉਣ ਦੀ ਲੋੜ ਨਹੀਂ ਹੈ। ਇਸ 'ਤੇ ਪਟੀਸ਼ਨ ਕਰਤਾ ਦੇ ਵਕੀਲ ਮੋਹਿੰਦਰ ਕੁਮਾਰ ਨੇ ਕਿਹਾ ਕਿ ਕਤਲਕਾਂਡ ਦਾ ਦੂਜਾ ਦੋਸ਼ੀ ਹਰਵਿੰਦਰ ਸਿੰਘ ਰਿੰਡਾ ਹੁਣ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਸ ਵਲੋਂ ਤਿਆਰ ਕੀਤੀ ਗਈ ਗੈਂਗਸਟਰਾਂ ਦੀ ਲਿਸਟ 'ਚ ਉਹ ਵੀ ਸ਼ਾਮਲ ਹੈ। ਅਜਿਹੇ 'ਚ ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਹੈ। ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਸ ਜਾਂਚ ਰਿਪੋਰਟ ਸਮੇਤ ਪੁੱਜੀ ਸੀ ਪਰ ਇਸ ਨੂੰ ਪਟੀਸ਼ਨ ਕਰਤਾ ਨਾਲ ਸਾਂਝਾ ਕਰਨ ਤੋਂ ਗੋਪਨੀਅਤਾ ਦੇ ਆਧਾਰ 'ਤੇ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਜੇਕਰ ਰਿਪੋਰਟ ਗੁਪਤ ਹੈ ਤਾਂ ਇਸ ਨੂੰ ਸੀਲਬੰਦ ਲਿਫਾਫੇ 'ਚ ਕਿਉਂ ਨਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੀ ਸੁਣਵਾਈ 'ਤੇ ਸੀਲਬੰਦ ਲਿਫਾਫੇ 'ਚ ਇਸ ਰਿਪੋਰਟ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ। ਮਾਮਲੇ ਦੀ ਸੁਣਵਾਈ ਹੁਣ 2 ਫਰਵਰੀ ਨੂੰ ਹੋਵੇਗੀ।


Related News