ਠੰਡ ਵਧਣ ਦੇ ਬਾਵਜੂਦ ਸਰਪੰਚੀ ਦੀਆਂ ਚੋਣਾਂ ਦਾ ਮਾਹੌਲ ਭਖਣ ਲੱਗਾ
Thursday, Dec 13, 2018 - 02:45 PM (IST)

ਖਰੜ (ਰਣਬੀਰ) : ਪੰਜਾਬ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਠੰਡ ਵਧਣ ਦੇ ਬਾਵਜੂਦ ਇਸਦੀਆਂ ਤਿਆਰੀਆਂ ਸਬੰਧੀ ਮਾਹੌਲ ਭਖਣਾ ਸ਼ੁਰੂ ਹੋ ਚੁੱਕਾ ਹੈ। ਇਨ੍ਹਾ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਆਜ਼ਾਦ ਤੋਂ ਇਲਾਵਾ ਸਿਆਸੀ ਧਿਰਾਂ ਦੇ ਸੰਭਾਵਿਤ ਉਮੀਦਵਾਰ ਚਿਹਰੇ ਕਿਹੜੇ ਹੋਣਗੇ, ਇਹ ਤਾਂ ਸਾਹਮਣੇ ਆਉਣ 'ਤੇ ਹੀ ਪਤਾ ਲੱਗੇਗਾ ਪਰ ਲੋਕਾਂ ਅੰਦਰ ਇਨ੍ਹਾਂ ਸਬੰਧੀ ਪਹਿਲਾਂ ਵਾਂਗ ਹੀ ਬੇਹੱਦ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ। ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਲਈ ਚੋਣ ਲੜਨ ਦੀ ਖਾਹਿਸ਼ ਰੱਖਣ ਵਾਲੇ ਸੰਭਾਵਿਤ ਉਮੀਦਵਾਰਾਂ ਵਲੋਂ ਆਪਣੇ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।
ਇਨ੍ਹਾਂ ਚੋਣਾਂ 'ਚ ਬਲਾਕ ਖਰੜ ਦੇ 140 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਹੋਣੀ ਹੈ। ਚੋਣ ਪ੍ਰੋਗਰਾਮ ਮੁਤਾਬਕ 15 ਤੋਂ 19 ਦਸੰਬਰ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਜਦੋਂ ਕਿ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 21 ਦਸੰਬਰ ਨੂੰ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ, ਜਦੋਂਕਿ 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ ਤੇ ਉਸੇ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ।
ਚੋਣ ਕਮਿਸ਼ਨ ਵਲੋਂ ਸਰਪੰਚ ਦੀ ਚੋਣ ਲਈ 30 ਹਜ਼ਾਰ, ਜਦੋਂਕਿ ਪੰਚ ਲਈ 20 ਹਜ਼ਾਰ ਰੁਪਏ ਤਕ ਦਾ ਖਰਚਾ ਤੈਅ ਕੀਤਾ ਗਿਆ ਹੈ। ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਲਈ ਚੋਣ ਲੜਨ ਦੀ ਖਾਹਿਸ਼ ਰੱਖਣ ਵਾਲੇ ਸੰਭਾਵਿਤ ਉਮੀਦਵਾਰਾਂ ਵਲੋਂ ਆਪਣੇ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਚੋਣਾਂ ਭਾਵੇਂ ਕੋਈ ਵੀ ਰਹੀਆਂ ਹੋਣ, ਨਸ਼ੇ ਦਾ ਮੁੱਦਾ ਬੇਹੱਦ ਅਹਿਮ ਰਹਿੰਦਾ ਆ ਰਿਹਾ ਹੈ ਪਰ ਅੱਜ ਪਿੰਡਾਂ ਦੇ ਕੁਝ ਕੁ ਲੋਕਾਂ ਨੂੰ ਬੇਹੱਦ ਜ਼ਰੂਰਤ ਹੈ ਨਸ਼ਿਆਂ ਦੀ ਮਿਲਣ ਵਾਲੀ ਲਾਹਨਤ ਨੂੰ ਛੱਡ ਕੇ ਪੰਜਾਬ ਦੇ ਉਹੀ ਪੁਰਾਣੇ ਪਿੰਡਾਂ ਨੂੰ ਮੁੜ ਸਿਰਜਣ ਦਾ ਅਹਿਦ ਕਰਨ ਦੀ।