ਸੰਤੋਖ ਚੌਧਰੀ ਨੇ 6 ਪਿੰਡਾਂ ''ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ, ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
Friday, Aug 28, 2020 - 03:47 PM (IST)

ਫਿਲੌਰ/ਜਲੰਧਰ(ਧਵਨ) – ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਅੱਜ 6 ਪਿੰਡਾਂ 'ਚ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕੀਤਾ ਅਤੇ ਕੁਝ ਦੇ ਨੀਂਹ ਪੱਥਰ ਵੀ ਰੱਖੇ। ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮ ਸਿੰਘ ਚੌਧਰੀ ਦੀ ਅਗਵਾਈ ਵਿਚ ਪਿੰਡ ਹਰੀਪੁਰ ਖਾਲਸਾ, ਦਸਮੇਸ਼ ਨਗਰ, ਗੰਨਾ ਪਿੰਡ, ਸੈਫਾਬਾਦ, ਕੰਗ ਜਗੀਰ ਅਤੇ ਪਾਲਨੋ ਵਿਚ ਲਗਭਗ 33 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਸੰਸਦ ਮੈਂਬਰ ਨੇ 25 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਬਣਾਈਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ ਅਤੇ ਛੱਪੜ ਦੇ ਸੁੰਦਰੀਕਰਨ, ਬੈਠਣ ਵਾਲੇ ਬੈਂਚ ਅਤੇ ਸਟ੍ਰੀਟ ਲਾਈਟਾਂ ਲਾਉਣ ਲਈ ਨੀਂਹ ਪੱਥਰ ਰੱਖੇ। ਇਨ੍ਹਾਂ ਕਾਰਜਾਂ 'ਤੇ 7.8 ਲੱਖ ਰੁਪਏ ਖਰਚੇ ਜਾਣਗੇ। ਵਿਕਰਮ ਸਿੰਘ ਚੌਧਰੀ ਨੇ ਪਿੰਡ ਹਰੀਪੁਰ ਖਾਲਸਾ, ਗੰਨਾ ਪਿੰਡ, ਸੈਫਾਬਾਦ ਅਤੇ ਕੰਗ ਜਗੀਰ ਲਈ 123 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਗਲੀਆਂ-ਨਾਲੀਆਂ ਦਾ ਨਿਰਮਾਣ, ਸੀਵਰੇਜ ਪਾਈਪ ਲਾਈਨ, ਬੈਠਣ ਵਾਲੇ ਬੈਂਚ ਲਾਉਣ, ਆਰ. ਓ. ਸਿਸਟਮ ਅਤੇ ਸਟ੍ਰੀਟ ਲਾਈਟਾਂ ਦੇ ਕੰਮ ਸ਼ਾਮਲ ਹੋਣਗੇ। ਇਸ ਮੌਕੇ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਵਿਕਾਸ ਪ੍ਰਾਜੈਕਟਾਂ ਦੀ ਰਫਤਾਰ ਤੇਜ਼ ਕਰ ਰਹੀ ਹੈ ਅਤੇ ਸਾਰੇ ਕੰਮ ਜ਼ੋਰ-ਸ਼ੋਰ ਨਾਲ ਪੂਰੇ ਕੀਤੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਮੇਸ਼ ਲਾਲ, ਬਲਾਕ ਸੰਮਤੀ ਦੇ ਚੇਅਰਮੈਨ ਦਵਿੰਦਰ ਸਿੰਘ ਲਸਾੜਾ, ਤਹਿਸੀਲਦਾਰ ਤਪਨ ਭਨੋਟ, ਰਣਜੀਤ ਸਿੰਘ ਖਟੜਾ, ਬਾਲਕ ਰਾਮ, ਬਲਬੀਰ ਰਾਮ, ਗੁਲਜ਼ਾਰੀ ਲਾਲ, ਕਰਨੈਲ ਸਿੰਘ, ਮਨੋਹਰ ਲਾਲ ਤੁਲੀ, ਹਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।