Encounter 'ਚ ਮਾਰਿਆ ਗੈਂਗਸਟਰ ਸੰਜੂ ਸੀ ਘਰੋਂ ਬੇਦਖ਼ਲ, ਪਿਤਾ ਬੋਲੇ-ਸਸਕਾਰ ਲਈ ਨਹੀਂ ਹਨ ਪੈਸੇ

Friday, Dec 01, 2023 - 10:03 AM (IST)

ਲੁਧਿਆਣਾ (ਰਾਜ) : ਪੁਲਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਸੰਜੂ ਬਾਮਣ ਦਾ ਪਿਤਾ ਆਪਣੇ ਪੁੱਤਰ ਦੀ ਮੌਤ ਤੋਂ ਅਣਜਾਣ ਸੀ। ਉਸ ਨੇ 10 ਸਾਲ ਪਹਿਲਾਂ ਆਪਣੇ ਪੁੱਤ ਨਾਲੋਂ ਸਬੰਧ ਤੋੜ ਲਏ ਸਨ। ਪਿਤਾ ਰਾਜ ਕੁਮਾਰ ਨੂੰ ਉਸ ਸਮੇਂ ਪੁੱਤ ਸੰਜੂ ਦੀ ਮੌਤ ਦੀ ਖ਼ਬਰ ਮਿਲੀ, ਜਦੋਂ ਉਹ ਮੱਥਾ ਟੇਕਣ ਲਈ ਬਿਆਸ ਡੇਰੇ ’ਚ ਜਾ ਰਿਹਾ ਸੀ। ਜਿਉਂ ਹੀ ਉਸ ਨੂੰ ਆਪਣੇ ਪੁੱਤ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਰਸਤੇ ’ਚੋਂ ਹੀ ਘਰ ਪਰਤ ਆਇਆ। ਪੁੱਤਰ ਭਾਵੇਂ ਕਿਵੇਂ ਦਾ ਵੀ ਹੋਵੇ, ਪਿਤਾ ਦੀਆਂ ਅੱਖਾਂ ਨਮ ਹੋਣ ਤੋਂ ਨਹੀਂ ਰਹਿ ਸਕਦੀਆਂ। ਜਦੋਂ ਸੰਜੂ ਦੇ ਪਿਤਾ ਰਾਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸੰਜੂ ਬਚਪਨ ’ਚ ਅਜਿਹਾ ਨਹੀਂ ਸੀ। ਉਸ ਦੀ ਮਾਤਾ ਭਾਵਨਾ ਰਾਣੀ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਮਾਂ ਦਾ ਬਹੁਤ ਲਾਡਲਾ ਸੀ। ਮਾਂ ਦੀ ਮੌਤ ਤੋਂ ਬਾਅਦ ਉਸ ਦਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸੰਜੂ ਨੇ ਕਿਸੇ ਦੀ ਗੱਲ ਨਹੀਂ ਸੁਣੀ। ਉਹ ਹਰ ਰੋਜ਼ ਕਿਸੇ ਨਾ ਕਿਸੇ ਨਾਲ ਲੜਦਾ ਸੀ ਅਤੇ ਲੋਕ ਉਸ ਬਾਰੇ ਸ਼ਿਕਾਇਤਾਂ ਲੈ ਕੇ ਘਰ ਆਉਂਦੇ ਸਨ। ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਸ ਨੇ 10 ਸਾਲ ਪਹਿਲਾਂ ਸੰਜੂ ਨੂੰ ਬੇਦਖ਼ਲ ਕਰ ਦਿੱਤਾ ਸੀ। ਪਿਤਾ ਦਾ ਕਹਿਣਾ ਹੈ ਕਿ ਪੁੱਤ ਨੇ 2016 ’ਚ ਜੋਧੇਵਾਲ ਕਾਲੋਨੀ ’ਚ ਪਹਿਲੀ ਵਾਰ ਗੋਲੀ ਚਲਾਈ ਸੀ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ’ਚ ਉਸ ਨੂੰ ਅਤੇ ਉਸ ਦੇ ਵੱਡੇ ਪੁੱਤ ਨੂੰ ਪੁਲਸ ਨੇ ਫੜ੍ਹ ਲਿਆ ਅਤੇ ਹਿਰਾਸਤ ’ਚ ਰੱਖਿਆ। ਜਦੋਂਕਿ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਸੰਜੂ ਨੂੰ ਬੇਦਖ਼ਲ ਕਰ ਦਿੱਤਾ ਤਾਂ ਉਸ ਦਾ ਛੁਟਕਾਰਾ ਹੋਇਆ ਸੀ। ਇਸ ਤੋਂ ਬਾਅਦ ਸੰਜੂ ਕਦੇ ਘਰ ਨਹੀਂ ਆਇਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੈ ਰਹੇ ਭਾਰੀ ਮੀਂਹ ਨੂੰ ਲੈ ਕੇ Advisory ਜਾਰੀ, ਮੋਹਾਲੀ 'ਚ ਪਏ ਗੜ੍ਹੇ, ਦੇਖੋ ਤਾਜ਼ਾ ਤਸਵੀਰਾਂ
ਘਰ ਦੀ ਹਾਲਤ ਮਾੜੀ, ਛੱਤ ਟੁੱਟੀ, ਖਾਣ ਨੂੰ ਰੋਟੀ ਨਹੀਂ
ਰਾਜ ਕੁਮਾਰ ਨੇ ਦੱਸਿਆ ਕਿ ਸੰਜੂ ਦੀਆਂ ਹਰਕਤਾਂ ਕਾਰਨ ਉਸ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਇੱਥੋਂ ਤੱਕ ਕਿ ਘਰ ਦੇ ਭਾਂਡੇ ਵੀ ਵਿਕ ਗਏ। ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪੈਸੇ ਦੀ ਘਾਟ ਕਾਰਨ ਉਹ ਅਤੇ ਉਸ ਦਾ ਪੁੱਤ 2 ਵੇਲੇ ਦੀ ਰੋਟੀ ਤੋਂ ਵੀ ਮੁਥਾਜ਼ ਸੀ। ਜੇਕਰ ਸੰਜੂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਉਸ ਦਾ ਵੀ ਕੁੱਝ ਚੰਗਾ ਹੋਣਾ ਸੀ ਪਰ ਸੰਜੂ ਨੇ ਉਸ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦਿੱਤਾ ਹੈ ਅਤੇ ਅੱਜ ਉਹ ਖ਼ੁਦ ਵੀ ਖ਼ਤਮ ਹੋ ਗਿਆ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਅਜਿਹੀ ਹੈ ਕਿ ਉਸ ਦੇ ਕੋਲ ਆਪਣੇ ਪੁੱਤਰ ਦੀ ਲਾਸ਼ ਦਾ ਸਸਕਾਰ ਕਰਨ ਲਈ ਵੀ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਇਹ ਲੋਕ ਵੀ ਲੈ ਸਕਣਗੇ 'ਆਟਾ-ਦਾਲ ਸਕੀਮ' ਦਾ ਲਾਭ, ਮੰਤਰੀ ਕਟਾਰੂਚੱਕ ਨੇ ਦਿੱਤੀ ਜਾਣਕਾਰੀ
ਨਸ਼ੇ ਦੀ ਲਤ ਕਾਰਨ ਗੋਪੀ ਦੀ ਅਪਰਾਧ ਦੀ ਦੁਨੀਆ ’ਚ ਹੋਈ ਐਂਟਰੀ
ਗੈਂਗਸਟਰ ਸ਼ੁਭਮ ਗੋਪੀ ਨਸ਼ੇ ਦਾ ਆਦੀ ਹੋ ਗਿਆ ਸੀ। ਇਸ ਦੌਰਾਨ ਉਹ ਜ਼ੁਰਮ ਦੀ ਦੁਨੀਆ ’ਚ ਆ ਗਿਆ। ਉਹ ਸੰਜੂ ਬਾਮਣ ਦਾ ਚੰਗਾ ਦੋਸਤ ਸੀ। ਦੋਵੇਂ ਹੀ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਸਪਲਾਈ ਕਰਨ ਦੇ ਦੋਸ਼ ’ਚ ਜੇਲ੍ਹ ਗਏ ਸਨ, ਜਿਸ ਤੋਂ ਬਾਅਦ ਇਹ ਦੋਵੇਂ ਕਰੀਬ 3-4 ਮਹੀਨੇ ਪਹਿਲਾਂ ਜ਼ਮਾਨਤ 'ਤੇ ਬਾਹਰ ਆਏ ਸਨ ਅਤੇ ਬਾਹਰ ਆਉਂਦੇ ਹੀ ਉਨ੍ਹਾਂ ਨੇ ਆਪਣਾ ਗਿਰੋਹ ਬਣਾ ਲਿਆ। ਗੈਂਗਸਟਰ ਗੋਪੀ ਦਾ ਪਰਿਵਾਰ ਸੰਜੂ ਦੇ ਘਰ ਨੇੜੇ ਸ਼ਿਮਲਾ ਕਾਲੋਨੀ ਕਾਕੋਵਾਲ ਰੋਡ ’ਤੇ ਰਹਿੰਦਾ ਸੀ ਪਰ ਗੋਪੀ ਦੀਆਂ ਹਰਕਤਾਂ ਕਾਰਨ ਉਨ੍ਹਾਂ ਨੇ ਪਿੰਡ ਨੂਲਵਾਲਾ ਇਲਾਕੇ ’ਚ ਕਿਤੇ ਘਰ ਲੈ ਲਿਆ ਸੀ ਅਤੇ ਕਿਸੇ ਨੂੰ ਕੁੱਝ ਵੀ ਨਹੀਂ ਦੱਸਿਆ। ਗੋਪੀ ਦੇ ਐਨਕਾਊਂਟਰ ਤੋਂ ਬਾਅਦ ਪੁਲਸ ਕਾਫੀ ਦੇਰ ਤੱਕ ਗੋਪੀ ਦੇ ਪਰਿਵਾਰ ਦੀ ਭਾਲ ਕਰਦੀ ਰਹੀ। ਪੁਲਸ ਕੋਲ ਉਸ ਦੇ ਪੁਰਾਣੇ ਘਰ ਦਾ ਪਤਾ ਸੀ ਪਰ ਕੋਈ ਪਰਿਵਾਰ ਨਹੀਂ ਸੀ। ਕਿਸੇ ਤਰ੍ਹਾਂ ਪੁਲਸ ਨੇ ਗੋਪੀ ਦੇ ਪਰਿਵਾਰ ਦਾ ਪਤਾ ਲਗਾਇਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News