ਸਿਵਲ ਹਸਪਤਾਲ ''ਚ ਵੀ ''ਸਾਂਝੀ ਰਸੋਈ'' ਸੇਵਾ ਸ਼ੁਰੂ, ਮਰੀਜ਼ਾਂ ਨੂੰ ਮਿਲੇਗਾ ਸਸਤਾ ਖਾਣਾ

Wednesday, Jul 05, 2017 - 01:49 PM (IST)

ਬਠਿੰਡਾ (ਪਾਇਲ)— ਮੁੱਖ ਮੰਤਰੀ ਪੰਜਾਬ ਕੈਪਟਨ ਦੇ ਹੁਕਮਾਂ ਅਨੁਸਾਰ 8 ਮਈ ਤੋਂ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਰੈੱਡ ਕ੍ਰਾਸ ਭਵਨ 'ਚ ਚੱਲ ਰਹੀ ਸਾਂਝੀ ਰਸੋਈ ਸੇਵਾ ਤਹਿਤ ਹੁਣ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਮਰੀਜ਼ਾਂ ਦੇ ਵਾਰਸਾਂ ਨੂੰ ਵੀ ਸਸਤਾ ਖਾਣਾ ਮੁਹੱਈਆ ਹੋਵੇਗਾ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਤੇ ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਹੁਕਮਾਂ ਅਨੁਸਾਰ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ 'ਚ ਵੀ ਸਾਂਝੀ ਰਸੋਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਯੋਜਨਾ ਦੇ ਪਹਿਲੇ ਦਿਨ ਹੀ 112 ਲੋਕਾਂ ਨੇ ਸਸਤੇ ਖਾਣੇ ਦਾ ਆਨੰਦ ਮਾਣਿਆ।
ਏ. ਡੀ. ਸੀ. ਗਰਾਊਂਡ ਰਿਪੋਰਟ ਦੇ ਆਧਾਰ 'ਤੇ ਸ਼ੁਰੂ ਕਰਵਾਈ ਯੋਜਨਾ
ਜਿਥੇ ਪਹਿਲਾਂ ਰੈੱਡ ਕ੍ਰਾਸ ਭਵਨ 'ਚ ਸਾਂਝੀ ਰਸੋਈ ਤਹਿਤ ਜ਼ਰੂਰਤਮੰਦਾਂ ਨੂੰ ਸਹੀ ਰੇਟਾਂ 'ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਗਰੀਬਾਂ ਲਈ ਸ਼ੁਰੂ ਕੀਤੀ ਗਈ ਉਕਤ ਯੋਜਨਾ ਦਾ ਨਾਜਾਇਜ਼ ਤੌਰ 'ਤੇ ਲਾਭ ਲੈ ਰਹੇ ਸਮਰੱਥ ਲੋਕਾਂ 'ਤੇ ਨੱਥ ਪਾਉਣ ਲਈ ਥਾਲੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਹੁਣ ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਸਰਕਾਰੀ ਹਸਪਤਾਲ ਦਾ ਦੌਰਾ ਕਰ ਕੇ ਗਰਾਊਂਡ ਰਿਪੋਰਟ ਦੇ ਆਧਾਰ 'ਤੇ ਮਰੀਜ਼ਾਂ ਦੇ ਵਾਰਸਾਂ ਨੂੰ 10 ਰੁਪਏ 'ਚ ਖਾਣਾ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਮਰੀਜ਼ ਦੀ ਬੀਮਾਰੀ ਨੂੰ ਲੈ ਕੇ ਪ੍ਰੇਸ਼ਾਨ ਵਾਰਿਸ ਜਾਂ ਤਾਂ ਖਾਣਾ ਘਰਾਂ ਤੋਂ ਮੰਗਵਾਉਂਦੇ ਹਨ ਜਾਂ ਫਿਰ ਹੋਟਲਾਂ-ਢਾਬਿਆਂ ਤੋਂ ਮਹਿੰਗਾ ਖਾਣਾ ਖਾਣ ਲਈ ਮਜਬੂਰ ਹੋ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਹਸਪਤਾਲ 'ਚ ਉਕਤ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਮਰੀਜ਼ਾਂ ਨੂੰ ਖਾਣੇ ਲਈ ਦੂਰ ਨਹੀਂ ਜਾਣਾ ਪਵੇਗਾ।
ਮੈਨਿਊ ਅਨੁਸਾਰ ਹੀ ਮਿਲੇਗਾ ਖਾਣਾ
ਜ਼ਿਲਾ ਰੈੱਡ ਕ੍ਰਾਸ ਸਕੱਤਰ ਜਨਰਲ (ਸੇਵਾ ਮੁਕਤ) ਵਰਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ 'ਚ ਸ਼ੁਰੂ ਹੋਈ ਉਕਤ ਸੇਵਾ ਤਹਿਤ ਵੀ ਮੈਨਿਊ ਅਨੁਸਾਰ ਹੀ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲਾ ਰੈੱਡ ਕ੍ਰਾਸ ਭਵਨ 'ਚ ਇਕ ਸਾਰ ਖਾਣਾ ਤਿਆਰ ਹੋਵੇਗਾ ਅਤੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ 'ਚ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਆਲੂ-ਚਨੇ ਤੇ ਪੂੜੀ, ਮੰਗਲਵਾਰ ਨੂੰ ਕੜ੍ਹੀ ਤੇ ਰੋਂਗੀ, ਬੁੱਧਵਾਰ ਨੂੰ ਮਾਂਹ ਦੀ ਦਾਲ ਤੇ ਰੋਟੀ, ਵੀਰਵਾਰ ਨੂੰ ਆਲੂ-ਮਟਰ ਦੀ ਸਬਜ਼ੀ ਤੇ ਰੋਟੀ, ਸ਼ੁੱਕਰਵਾਰ ਨੂੰ ਦਾਲ ਤੇ ਰੋਟੀ ਅਤੇ ਸ਼ਨੀਵਾਰ ਨੂੰ ਕੜ੍ਹੀ ਤੇ ਰੋਟੀ ਮੁਹੱਈਆ ਕਰਵਾਈ ਜਾਵੇਗੀ।
ਵਾਰਸਾਂ 'ਚ ਖੁਸ਼ੀ ਦੀ ਲਹਿਰ
ਉਕਤ ਸੇਵਾ ਸ਼ੁਰੂ ਹੋਣ ਨਾਲ ਮਰੀਜ਼ਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਸਤੇ ਖਾਣੇ ਦਾ ਆਨੰਦ ਲੈ ਰਹੇ ਕੁਲਦੀਪ ਸਿੰਘ ਵਾਸੀ ਪਿੰਡ ਬੰਗੀ ਰੁਲਦੂ ਨੇ ਦੱਸਿਆ ਕਿ ਇਹ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਤੇ ਹੁਣ ਮਰੀਜ਼ਾਂ ਦੇ ਵਾਰਸਾਂ ਨੂੰ ਖਾਣ ਲਈ ਇਧਰ-ਓਧਰ ਜਾਣ ਦੀ ਲੋੜ ਨਹੀਂ। ਇਕ ਹੋਰ ਮਰੀਜ਼ ਸੁਖਦੀਪ ਕੌਰ ਵਾਸੀ ਪਿੰਡ ਜੱਸੀ ਪੌ ਵਾਲੀ ਨੇ ਦੱਸਿਆ ਕਿ ਉਹ 3 ਦਿਨ ਤੋਂ ਹਸਪਤਾਲ 'ਚ ਮਰੀਜ਼ ਦੀ ਦੇਖ-ਰੇਖ ਕਰ ਰਹੀ ਹੈ ਅਤੇ ਰੋਜ਼ਾਨਾ ਉਸ ਨੂੰ 2 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਢਾਬੇ 'ਤੇ ਖਾਣਾ ਲਿਆਉਣ ਜਾਣਾ ਪੈਂਦਾ ਸੀ ਪਰ ਹਸਪਤਾਲ 'ਚ ਸਿਰਫ 10 ਰੁਪਏ ਵਿਚ ਖਾਣਾ ਮਿਲਣ ਨਾਲ ਉਨ੍ਹਾਂ ਨੂੰ ਬਹੁਤ ਸਹੂਲਤ ਮਿਲੀ ਹੈ।


Kulvinder Mahi

News Editor

Related News