ਧਨੇਰ ਦੀ ਸਜ਼ਾ ਮੁਆਫੀ ਦੀ ਫਾਈਲ ਮੁੱਖ ਮੰਤਰੀ ਦੇ ਦਫਤਰ ਪਹੁੰਚੀ
Thursday, Nov 14, 2019 - 06:57 PM (IST)
ਸੰਗਰੂਰ (ਪੁਨੀਤ ਮਾਨ) : ਕਤਲ ਕੇਸ 'ਚ ਸਜ਼ਾ ਕੱਟ ਰਹੇ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੇ ਫੈਸਲੇ 'ਤੇ ਕਿਸਾਨ ਯੂਨੀਅਨਾਂ 'ਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਧਨੇਰ ਪਿਛਲੀ 30 ਸਤੰਬਰ ਤੋਂ ਬਰਨਾਲਾ ਜੇਲ 'ਚ ਬੰਦ ਹਨ ਅਤੇ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ 42 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਬਰਨਾਲਾ ਦੀ ਸਬ ਜੇਲ ਦੇ ਅੱਗੇ ਧਰਨੇ 'ਤੇ ਬੈਠੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਧਨੇਰ ਦੀ ਰਿਹਾਈ ਲਈ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਤੇ ਅਗਲੀ ਕਾਰਵਾਈ ਲਈ ਫਾਇਲ ਮੁੱਖ ਮੰਤਰੀ ਦਫ਼ਤਰ ਜਾ ਚੁੱਕੀ ਹੈ। ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਇਸ ਫੈਸਲੇ ਨੂੰ ਇਤਿਹਾਸਿਕ ਜਿੱਤ ਦੱਸਿਆ ਹੈ।
ਉਧਰ ਇਸ ਫੈਸਲੇ ਤੋਂ ਬਾਅਦ ਪੁਲਸ ਵੱਲੋਂ ਸੁਰੱਖਿਆ ਵਿਵਸਥਾ ਵੱਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸਣਯੋਗ ਹੈ ਕਿ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਹੀ 3 ਮਾਰਚ 2001 ਨੂੰ ਹੋਈ ਲੜਾਈ 'ਚ ਦਲੀਪ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਕਤਲ ਮਾਮਲੇ 'ਚ ਮਨਜੀਤ ਧਨੇਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਨੂੰ ਰੱਦ ਕਰਵਾਉਣ ਲਈ ਕਈ ਜਥੇਬੰਦੀਆਂ ਵੱਲੋਂ ਉਦੋਂ ਤੋਂ ਹੀ ਸੰਘਰਸ਼ ਕੀਤਾ ਜਾ ਰਿਹਾ ਹੈ।