ਸੰਗਰੂਰ ਵਾਸੀਆਂ ਨੇ ਵਧਾਇਆ 'ਭਗਵੰਤ ਦਾ ਮਾਣ', ਮਿਲੀ ਵੱਡੀ ਜਿੱਤ

05/23/2019 4:37:23 PM

ਸੰਗਰੂਰ/ਸ਼ੇਰਪੁਰ (ਬੇਦੀ, ਸਿੰਗਲਾ) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਕੇ ਇਤਿਹਾਸ ਰਚ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕੋਈ ਵੀ ਉਮੀਦਵਾਰ ਦੂਸਰੀ ਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ, ਸਿਰਫ ਸੁਰਜੀਤ ਸਿੰਘ ਬਰਨਾਲਾ ਨੇ 1996 ਤੇ 1998 ਵਿਚ ਜਿੱਤ ਪ੍ਰਾਪਤ ਕੀਤੀ ਸੀ, ਇਸ ਤੋਂ ਬਾਅਦ ਕੋਈ ਵੀ ਮੈਂਬਰ ਪਾਰਲੀਮੈਂਟ 'ਚ ਇਹ ਇਤਿਹਾਸ ਨਹੀਂ ਦੁਹਰਾ ਸਕਿਆ ਪਰ ਹੁਣ ਭਗਵੰਤ ਮਾਨ ਨੇ 2014 ਤੋਂ ਬਾਅਦ 2019 'ਚ ਜਿੱਤ ਕੇ ਇਤਿਹਾਸ ਬਦਲ ਦਿੱਤਾ ਹੈ। ਇਸ ਵਾਰ ਮਾਨ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ਅਕਾਲੀ-ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ (ਅ) ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅਤੇ ਪੀ.ਡੀ.ਏ. ਦੇ ਉਮੀਦਵਾਰ ਜੱਸੀ ਜਸਰਾਜ ਸਮੇਤ 25 ਉਮੀਦਵਾਰਾਂ ਨਾਲ ਸੀ ਪਰ ਭਗਵੰਤ ਮਾਨ ਨੇ 1,07,679 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਦੂਜੀ ਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਦਕਿ ਈ. ਵੀ. ਐੱਮ. ਦੇ ਨਤੀਜੇ ਅਨੁਸਾਰ ਭਗਵੰਤ ਮਾਨ ਨੂੰ 4,01,701 ਵੋਟਾਂ, ਕੇਵਲ ਸਿੰਘ ਢਿੱਲੋਂ ਨੂੰ 2,94,022 ਵੋਟਾਂ, ਪਰਮਿੰਦਰ ਸਿੰਘ ਢੀਂਡਸਾ ਨੂੰ 2,56,366 ਵੋਟਾਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ 49,897 ਵੋਟਾਂ ਪ੍ਰਪਾਤ ਹੋਈਆਂ।

ਵਿਰੋਧੀਆਂ ਨੂੰ ਵੱਡੀ ਲੀਡ ਨਾਲ ਹਰਾਉਣ ਵਾਲੇ ਭਗਵੰਤ ਮਾਨ ਨੇ ਜਿਥੇ ਸੰਗਰੂਰ ਦਾ ਇਤਿਹਾਸ ਬਦਲਿਆ, ਉਥੇ ਹੀ ਕੁਝ ਰਿਕਾਰਡ ਵੀ ਆਪਣੇ ਨਾਂ ਕੀਤੇ।
21 ਸਾਲਾਂ ਬਾਅਦ ਸੰਗਰੂਰ ਨੇ ਦੁਹਰਾਇਆ ਸਾਂਸਦ
ਭਗਵੰਤ ਮਾਨ ਨੇ ਹਰਾਏ ਢੀਂਡਸਾ ਪਿਓ-ਪੁੱਤ
2014 'ਚ 2 ਲੱਖ ਦੇ ਫਰਕ ਨਾਲ ਹਰਾਏ ਸਨ ਸੁਖਦੇਵ ਢੀਂਡਸਾ
2019 'ਚ 1 ਲੱਖ ਦੇ ਫਰਕ ਨਾਲ ਪਰਮਿੰਦਰ ਢੀਂਡਸਾ ਨੂੰ ਹਰਾਇਆ
3 ਸੂਬਿਆਂ 'ਚੋਂ ਸਿਰਫ ਭਗਵੰਤ ਮਾਨ 'ਆਪ' ਦੇ ਜੇਤੂ ਉਮੀਦਵਾਰ

ਗੀਤ ਨੇ ਦਿੱਤਾ ਵੱਡਾ ਲਾਭ
ਇਸ ਵਾਰ ਭਗਵੰਤ ਮਾਨ ਨੂੰ ਚੋਣ ਪ੍ਰਚਾਰ ਸਮੇਂ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ' ਗੀਤ ਨੇ ਵੱਡਾ ਲਾਭ ਦਿੱਤਾ ਕਿਉਂਕਿ ਨੌਜਵਾਨ ਪੀੜ੍ਹੀ ਦੀ ਜ਼ੁਬਾਨ 'ਤੇ ਇਹ ਗੀਤ ਇਸ ਕਦਰ ਛਾ ਗਿਆ ਕਿ ਸਾਰੇ ਚੋਣ ਪ੍ਰਚਾਰ ਦੌਰਾਨ ਹਰ ਥਾਂ 'ਤੇ ਇਹ ਗੀਤ ਹੀ ਵੱਜਦਾ ਦਿਖਾਈ ਦਿੱਤਾ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ 2014 ਵਿਚ ਇਕ ਗੀਤ 'ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ' ਨੇ ਭਗਵੰਤ ਮਾਨ ਦੀ ਚੋਣਾਵੀ ਲਹਿਰ ਨੂੰ ਸਿਖਰਾਂ 'ਤੇ ਰੱਖਿਆ ਸੀ। ਅੱਜ ਜਦੋਂ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਜਿੱਤ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਫਿਰ ਤੋਂ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ' ਗੀਤ ਲਾ ਕੇ ਭਗਵੰਤ ਮਾਨ ਦੇ ਲੱਖਾਂ ਸਮਰਥਕਾਂ ਨੇ ਨੱਚ-ਨੱਚ ਕੇ ਜਸ਼ਨ ਮਨਾਏ।

ਜਿੱਤਣ ਤੋਂ ਬਾਅਦ ਪੁੱਜੇ ਮਸਤੂਆਣਾ ਸਾਹਿਬ
ਅੱਜ ਜਦੋਂ ਭਗਵੰਤ ਮਾਨ ਇਕ ਲੱਖ ਵੋਟਾਂ 'ਤੇ ਅੱਗੇ ਜਾ ਰਹੇ ਸਨ ਤਾਂ ਉਹ ਆਖਰੀ ਨਤੀਜੇ ਆਉਣ ਤੋਂ ਪਹਿਲਾਂ ਆਪਣੇ ਲੱਖਾਂ ਦੀ ਗਿਣਤੀ 'ਚ ਨੌਜਵਾਨ ਸਮਰਥਕਾਂ ਨਾਲ ਵੱਡੇ ਕਾਫਲੇ ਦੇ ਰੂਪ ਵਿਚ ਧੂਰੀ ਤੋਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਵਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰਵਾਨਾ ਹੋ ਗਏ, ਜਿਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ।

ਮਾਂ ਦਾ ਲਿਆ ਆਸ਼ੀਰਵਾਦ
ਭਗਵੰਤ ਮਾਨ ਨੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣਾ ਕਾਫਲਾ ਜੱਦੀ ਪਿੰਡ ਸਤੋਜ ਲਈ ਰਵਾਨਾ ਕਰ ਦਿੱਤਾ, ਜਿੱਥੇ ਉਨ੍ਹਾਂ ਆਪਣੀ ਮਾਂ ਹਰਪਾਲ ਕੌਰ ਦੇ ਚਰਨ ਛੂਹ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗਲੇ ਮਿਲੇ। ਮਾਂ ਵੱਲੋਂ ਭਗਵੰਤ ਮਾਨ ਨੂੰ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਨ 'ਤੇ ਮੁਬਾਰਕਬਾਦ ਦਿੱਤੀ ਗਈ ਅਤੇ ਇਸੇ ਤਰ੍ਹਾਂ ਲੋਕਾਂ ਦਾ ਮਾਨ ਬਣ ਕੇ ਸੇਵਾ ਕਰਨ ਲਈ ਪ੍ਰੇਰਿਆ।

ਜਿੱਤ ਮੇਰੀ ਨਹੀਂ ਲੋਕਾਂ ਦੀ ਹੋਈ, ਜਸ਼ਨ ਵੀ ਲੋਕ ਮਨਾ ਰਹੇ ਹਨ : ਭਗਵੰਤ ਮਾਨ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੂਜੀ ਵਾਰ ਜਿੱਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਕਿ ਜਿੱਤ ਮੇਰੀ ਨਹੀਂ ਲੋਕਾਂ ਦੀ ਹੋਈ ਹੈ। ਜਸ਼ਨ ਵੀ ਲੋਕ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਨੇ ਲੋਕ ਸਭਾ 'ਚ ਲੋਕਾਂ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਉਹ ਹੁਣ ਵੀ ਲੋਕ ਸਭਾ ਵਿਚ ਜਾ ਕੇ ਲੋਕਾਂ ਦੀ ਗੱਲ ਕਰਨਗੇ। ਸਿਹਤ, ਸਿੱਖਿਆ, ਸਕੂਲਾਂ ਦੀ ਨੁਹਾਰ ਬਦਲਣ ਲਈ ਯਤਨ ਕੀਤੇ ਜਾਣਗੇ ਅਤੇ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

2014 ਦੇ ਨਤੀਜੇ
ਦੱਸ ਦੇਈਏ ਕਿ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਜਨਤਾ ਨੇ ਸੰਗਰੂਰ ਤੋਂ ਨਵੀਂ ਪਾਰਟੀ ਦੇ ਨਵੇਂ ਚਿਹਰੇ ਭਗਵੰਤ ਮਾਨ ਨੂੰ ਚੁਣ ਕੇ ਲੋਕ ਸਭਾ ਵਿਚ ਭੇਜਿਆ ਸੀ।

16 ਵੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਦੇ ਸਿਆਸੀ ਮੈਦਾਨ 'ਚ ਭਗਵੰਤ ਮਾਨ ਨੇ ਦਿੱਗਜ ਨੇਤਾਵਾਂ ਨੂੰ ਬੁਰੀ ਤਰਾਂ ਪਛਾੜਦੇ ਹੋਏ ਹਲਕੇ ਦੀਆਂ ਕੁੱਲ ਵੋਟਾਂ ਚੋਂ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਭਗਵੰਤ ਮਾਨ ਨੂੰ 533237, ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 321516 ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 181410 ਵੋਟਾਂ ਪਈਆਂ।

ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ (2014)

ਪਾਰਟੀ ਉਮੀਦਵਾਰ ਵੋਟਾਂ
'ਆਪ' ਭਗਵੰਤ ਮਾਨ 5,33,237
ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ 3,21,516
ਕਾਂਗਰਸ ਵਿਜੇਇੰਦਰ ਸਿੰਗਲਾ 1,81,410

cherry

Content Editor

Related News