ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ
Sunday, Nov 17, 2019 - 06:47 PM (IST)
![ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ](https://static.jagbani.com/multimedia/2019_11image_15_56_128664082eecopy.jpg)
ਸੰਗਰੂਰ (ਬੇਦੀ) : ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਨੀਤੀਆਂ ਦੇ ਰੋਸ ਵਜੋਂ ਮੰਤਰੀ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੂੰ ਰੋਕਣ ਲਈ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ ਅਤੇ ਲਾਠੀਚਾਰਜ ਕੀਤਾ ਗਿਆ।
ਦੱਸ ਦੇਈਏ ਕਿ ਅਧਿਆਪਕ 55 ਫੀਸਦੀ ਸ਼ਰਤ ਤੁਰੰਤ ਖ਼ਤਮ ਕਰਨ, ਉਮਰ ਹੱਦ 37 ਤੋਂ 42 ਕਰਨ ਅਤੇ 15000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ 8 ਸਤੰਬਰ ਤੋਂ ਪੱਕੇ ਮੋਰਚੇ 'ਤੇ ਬੈਠੇ ਹਨ। ਸਵੇਰੇ ਤੋਂ ਵੱਡੀ ਗਿਣਤੀ 'ਚ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਮੋਰਚੇ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲਿਆਂ ਨੂੰ ਗੱਧੀ 'ਤੇ ਬਿਠਾ ਸ਼ਹਿਰ 'ਚ ਪਹਿਲਾਂ ਜਲੂਸ ਕੱਢਿਆ ਅਤੇ ਫਿਰ ਕੋਠੀ ਪਹੁੰਚਣ ਉਪਰੰਤ ਪੁਤਲੇ ਫੂਕੇ ਗਏ। ਮੋਰਚੇ ਤੋਂ ਕੋਠੀ ਤੱਕ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਸਿੱਖਿਆ ਸਕੱਤਰ ਦਾ ਰਵੱਈਆ ਤਾਨਾਸ਼ਾਹੀ ਵਾਲਾ ਹੈ।
ਉਨ੍ਹਾਂ ਕਿਹਾ ਕਿ ਬੈਕਲਾਗ ਦੀਆਂ ਅੰਗਹੀਣ ਕੋਟੇ ਦੀਆਂ ਕਰੀਬ 10-12 ਪੋਸਟਾਂ ਲਈ ਸਿੱਖਿਆ ਵਿਭਾਗ ਨੇ ਭਰਤੀ ਪ੍ਰਕਿਰਿਆ ਦਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਮੁਤਾਬਕ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਵਾਲਾ ਉਮੀਦਵਾਰ ਹੀ ਯੋਗ ਹੈ, ਜੋ ਕਿ ਸਰਾਰਸਰ ਧੱਕੇਸ਼ਾਹੀ ਹੈ। ਕਿਉਂਕਿ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੇ 45, 50 ਫੀਸਦੀ ਅੰਕਾਂ ਦੀ ਸ਼ਰਤ ਨਾਲ ਬੀ.ਐੱਡ. ਕੀਤੀ ਹੋਈ ਹੈ, ਇਸੇ ਸ਼ਰਤ ਨਾਲ ਟੈੱਟ ਵੀ ਪਾਸ ਕੀਤਾ ਹੈ ਪਰ ਹੁਣ ਸਰਕਾਰ ਜਾਣਬੁੱਝ ਕੇ ਇਹ ਸ਼ਰਤਾਂ ਮੜ੍ਹ ਰਹੀ ਹੈ, ਜਦੋਂਕਿ ਨੈਸ਼ਨਲ ਟੀਚਰਜ਼ ਕੌਂਸਲ ਮੁਤਾਬਕ 50 ਫੀਸਦੀ ਅੰਕਾਂ ਦੀ ਸ਼ਰਤ ਹੈ। ਜੇਕਰ ਸਰਕਾਰ ਨੇ 55 ਫੀਸਦੀ ਤੋਂ ਘੱਟ ਅੰਕਾਂ ਵਾਲਿਆਂ ਨੂੰ ਨੌਕਰੀ ਨਹੀਂ ਦੇਣੀ, ਤਾਂ ਲੱਖਾਂ ਉਮੀਦਵਾਰਾਂ ਨੂੰ ਬੀ.ਐੱਡ. ਕਿਓਂ ਕਰਵਾਈ ਗਈ? ਅਧਿਆਪਕਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਰੀਬ 30 ਹਜ਼ਾਰ ਅਧਿਆਪਕ ਅਸਾਮੀਆਂ ਖਾਲੀ ਪਈਆਂ ਹਨ, ਪਰ ਸਕੱਤਰ ਰੈਸ਼ਨੇਲਾਈਜੇਸ਼ਨ ਦੇ ਕੁਹਾੜੇ ਰਾਹੀਂ ਇਹਨਾਂ ਦੀ ਕਟੌਤੀ ਕਰਨ ਲੱਗਿਆ ਹੋਇਆ ਹੈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਚੇਅਰਮੈਨ ਮਾਲਵਿੰਦਰ ਸਿੱਧੂ, ਪੀ ਡਬਲਿਊ ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਅਕੋਈ, ਗੌਰਮਿੰਟ ਟੀਚਰਜ ਯੂਨੀਅਨ ਦੇ ਮੁੱਖ ਬੁਲਾਰੇ ਫਕੀਰ ਸਿੰਘ ਟਿੱਬਾ ਸਮੇਤ ਵੱਡੀ ਗਿਣਤੀ 'ਚ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਹਾਜ਼ਰ ਸਨ।