ਸੰਗਰੂਰ ਤੋਂ ਪਾਜ਼ੇਟਿਵ ਆਏ ਵਿਅਕਤੀ ਨੇ ਕੋਵਿਡ-19 ਵਿਰੁੱਧ ਜਿੱਤੀ ਜੰਗ, ਪਰਤਿਆ ਘਰ

Saturday, Apr 25, 2020 - 11:05 AM (IST)

ਸੰਗਰੂਰ ਤੋਂ ਪਾਜ਼ੇਟਿਵ ਆਏ ਵਿਅਕਤੀ ਨੇ ਕੋਵਿਡ-19 ਵਿਰੁੱਧ ਜਿੱਤੀ ਜੰਗ, ਪਰਤਿਆ ਘਰ

ਸੰਗਰੂਰ (ਬੇਦੀ): ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਮਿਹਨਤੀ ਟੀਮਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜ਼ਿਲਾ ਸੰਗਰੂਰ ਦੇ ਇਕ ਹੋਰ ਕੋਰੋਨਾ ਵਾਇਰਸ ਪਾਜ਼ੇਟਿਵ ਵਿਅਕਤੀ ਨੇ ਇਸ ਨਾਮੁਰਾਦ ਬੀਮਾਰੀ ਕੋਵਿਡ-19 ਵਿਰੁੱਧ ਜੰਗ ਜਿੱਤ ਲਈ ਹੈ। ਅਹਿਮਦਗੜ੍ਹ ਦੇ 'ਦਹਿਲੀਜ਼ ਕਲਾਂ' ਨਾਲ ਸਬੰਧਤ ਇਹ ਵਿਅਕਤੀ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਤੰਦਰੁਸਤ ਹੋ ਕੇ ਨਿਕਲਿਆ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਰਾਜ ਕੁਮਾਰ, ਐੱਸ. ਐੱਮ. ਓ. ਡਾ. ਕਿਰਪਾਲ ਸਿੰਘ ਅਤੇ ਜ਼ਿਲਾ ਐਪੋਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਇਸ ਵਿਅਕਤੀ ਨੂੰ ਗੁਲਦਸਤੇ ਤੇ ਮਿਠਾਈ ਭੇਟ ਕਰ ਕੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਜ਼ਿਕਰਯੋਗ ਹੈ ਕਿ ਅਕੀਲ ਦੀਆਂ ਲਗਾਤਾਰ ਦੋ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਅੱਜ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਅਕੀਲ ਨੇ ਗੱਲਬਾਤ ਕਰਦਿਆਂ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਿਹਤ ਸੇਵਾਵਾਂ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ ਅਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਗਈ।

ਇਹ ਵੀ ਪੜ੍ਹੋ: ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ

ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿ ਕੇ ਹੀ ਨਮਾਜ਼ ਅਦਾ ਕੀਤੇ ਜਾਣ ਦੀ ਅਪੀਲ ਕਰਦਿਆਂ ਅਕੀਲ ਨੇ ਕਿਹਾ ਕਿ ਸਮਾਜਕ ਦੂਰੀ ਨੂੰ ਕਾਇਮ ਰੱਖਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਆਪਣੇ ਘਰਾਂ 'ਚ ਵੀ ਜਿਥੇ ਤੱਕ ਹੋ ਸਕੇ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹੋਣ ਵਾਲੀਆਂ ਸਿਹਤ ਸਬੰਧੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਹੱਥ ਵਾਰ-ਵਾਰ ਧੋਣੇ ਯਕੀਨੀ ਬਣਾਏ ਜਾਣ ਅਤੇ ਜਦੋਂ ਤੱਕ ਇਹ ਬੀਮਾਰੀ ਫੈਲੀ ਹੋਈ ਹੈ ਸਾਰੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਉਹ ਦਿੱਲੀ ਤੋਂ ਮਲੇਰਕੋਟਲਾ ਆਏ ਸਨ ਅਤੇ ਮਾਲੇਰਕੋਟਲਾ ਤੋਂ 'ਦਹਿਲੀਜ਼ ਕਲਾਂ' ਵਿਖੇ ਪੁੱਜੇ ਸਨ ਅਤੇ ਜਿਵੇਂ ਹੀ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਸੰਕਰਮਿਤ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦਾ ਵਧੀਆ ਇਲਾਜ ਕਰਵਾਇਆ ਗਿਆ ਤੇ ਉਹ ਸਿਹਤਯਾਬ ਹੋ ਸਕੇ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਅਕੀਲ ਵੱਲੋਂ ਹਸਪਤਾਲ ਦੇ ਸਟਾਫ਼ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਉਨ੍ਹਾਂ ਦਾ ਵਿਵਹਾਰ ਸਟਾਫ਼ ਪ੍ਰਤੀ ਚੰਗਾ ਰਿਹਾ। ਉਨ੍ਹਾਂ ਦੱਸਿਆ ਕਿ ਬੀਤੀ 9 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਥੇ ਵਧੀਆ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਅੱਜ ਇਹ ਸਿਹਤਯਾਬ ਹੋ ਕੇ ਇਥੋਂ ਜਾ ਰਹੇ ਹਨ ਜਿਸ ਨਾਲ ਡਾਕਟਰੀ ਤੇ ਪੈਰਾ ਮੈਡੀਕਲ ਸਟਾਫ਼ ਖੁਸ਼ ਹੈ।


author

Shyna

Content Editor

Related News