ਡੀ.ਟੀ.ਐੱਫ. ਵਜੀਫ਼ਾ ਪ੍ਰੀਖਿਆ 2019 ਦੇ ਜੇਤੂਆਂ ਦਾ ਸਨਮਾਨ

Monday, Apr 22, 2019 - 04:10 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਜਲਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਡੀ.ਟੀ.ਐੱਫ. ਵਜ਼ੀਫ਼ਾ ਪ੍ਰੀਖਿਆ 2019 ਦੇ ਜੇਤੂਆਂ ਦੇ ਸਨਮਾਨ ਵਿਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਆਗੂ ਜਰਮਨਜੀਤ ਸਿੰਘ ਨੇ ਵਜ਼ੀਫਾ ਪ੍ਰੀਖਿਆ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਅੰਦਰ ਮਿਹਨਤ ਅਤੇ ਲਗਨ ਜਿਹੇ ਗੁਣ ਪੈਦਾ ਕਰਨ ਤੋਂ ਇਲਾਵਾ ਵਿਦਿਆਰਥੀ, ਅਧਿਆਪਕ ਅਤੇ ਮਾਪਿਆਂ ਨੂੰ ਸ਼ਾਨਾਮੱਤੇ ਇਤਿਹਾਸ ਨਾਲ ਜੋਡ਼ਨ ਦਾ ਸ਼ਾਨਦਾਰ ਉਪਰਾਲਾ ਹੈ। ਉਨ੍ਹਾਂ ਜਲਿਆਵਾਲਾ ਬਾਗ ਦੇ ਇਤਿਹਾਸ ਬਾਰੇ ਜਾਨਣ, ਪਡ਼੍ਹਨ ਅਤੇ ਅੱਗੇ ਵਧਾਉਣ ਦੀ ਲੋਡ਼ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਮੌਜੂਦਾ ਦੌਰ ਅੰਦਰ ਸੰਘਰਸ਼ ਦੀ ਹੋਰ ਵੀ ਲੋਡ਼ ਹੈ। ਇਸ ਦੌਰਾਨ ਜ਼ਿਲਾ ਪ੍ਰਧਾਨ ਗੁਰਮੀਤ ਸੁਖਪੁਰ, ਜ਼ਿਲਾ ਸਕੱਤਰ ਰਾਜੀਵ ਕੁਮਾਰ ਅਤੇ ਜ਼ਿਲਾ ਕਮੇਟੀ ਦੀ ਅਗਵਾਈ ਵਿਚ ਮੁੱਖ ਬੁਲਾਰੇ ਜਰਮਨਜੀਤ ਸਿੰਘ, ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ (ਸ. ਸ.) ਮੈਡਮ ਰਾਜਵੰਤ ਕੌਰ ਅਤੇ ਮੈਡਮ ਮਨਿੰਦਰ ਕੌਰ (ਐਲੀਮੈਂਟਰੀ) ਅਤੇ ਪ੍ਰਧਾਨਗੀ ਮੰਡਲ ’ਚੋਂ ਮੇਘ ਰਾਜ ਮਿੱਤਰ, ਜਗਰਾਜ ਟੱਲੇਵਾਲ, ਪ੍ਰਕਾਸ਼ ਦੀਪ ਔਲਖ, ਗੁਰਮੇਲ ਭੂਟਾਲ, ਮਾਲਵਿੰਦਰ ਸਿੰਘ, ਜਗਜੀਤ ਠੀਕਰੀਵਾਲ, ਸੱਤਪਾਲ ਤਪਾ ਅਤੇ ਮੈਡਮ ਨੀਰਜਾ ਆਦਿ ਨੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ, ਸਨਮਾਨ ਚਿੰਨ੍ਹ, ਅਗਾਂਹਵਧੂ ਸਾਹਿਤ ਅਤੇ ਹੋਰ ਸਮੱਗਰੀ ਦੇ ਕੇ ਸਨਮਾਨਤ ਕੀਤਾ ਗਿਆ। ਜ਼ਿਲਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨੈਤਿਕ-ਕਦਰਾਂ ਕੀਮਤਾਂ ਅਪਣਾਉਣ ਦੀ ਲੋਡ਼ ’ਤੇ ਜੋਰ ਦਿੰਦਿਆਂ ਅਗਾਂਹਵਧੂ ਸਾਹਿਤ ਪਡ਼੍ਹਨ ਅਤੇ ਲੋਡ਼ਵੰਦ ਲੋਕਾਂ ਦੇ ਪੱਖ ਵਿਚ ਡੱਟਣ ਦੀ ਅਹਿਮੀਅਤ ਵੀ ਸਮਝਾਈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ, ਜਗਰਾਜ ਟੱਲੇਵਾਲ, ਗੁਰਮੇਲ ਭੂਟਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵੱਲੋਂ ਸ਼ਹੀਦ ਊਧਮ ਸਿੰਘ ਦੀ ਫੋਟੋ ਉੱਪਰ ਫੁੱਲ ਚਡ਼ਾਕੇ ਅਤੇ ਗਗਨ ਆਜ਼ਾਦੀ ਦੇ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿਚ ਬਲਜਿੰਦਰ ਪ੍ਰਭੂ, ਅੰਮ੍ਰਿਤਪਾਲ ਕੋਟਦੁੱਨਾ, ਪ੍ਰਦੀਪ ਕੁਮਾਰ, ਸੁਖਵੀਰ ਜੋਗਾ, ਗੁਰਦੇਵ ਸਿੰਘ ਮੋਡ਼ਾਂ, ਜਗਜੀਤ ਕੌਰ ਢਿੱਲਵਾਂ ਅਤੇ ਰਾਮੇਸ਼ਵਰ ਵੀ ਹਾਜ਼ਰ ਸਨ।

Related News