ਫਰਜ਼ੀ ਕੰਪਨੀ ਬਣਾ ਕੇ ਲੋਨ ਦੇਣ ਦੇ ਨਾਂ ’ਤੇ ਲੁੱਟ ਕਰਨ ਦੇ ਦੋਸ਼ ਲਾਏ

Saturday, Apr 20, 2019 - 04:10 AM (IST)

ਫਰਜ਼ੀ ਕੰਪਨੀ ਬਣਾ ਕੇ ਲੋਨ ਦੇਣ ਦੇ ਨਾਂ ’ਤੇ ਲੁੱਟ ਕਰਨ ਦੇ ਦੋਸ਼ ਲਾਏ
ਸੰਗਰੂਰ (ਮੁਖਤਿਆਰ)- ਥਾਣਾ ਰੂਡ਼ੇਕੇ ਕਲਾਂ ਵਿਖੇ ਇਕ ਦਰਖ਼ਾਸਤ ਦੇ ਕੇ ਖੁੱਡੀ ਪੱਤੀ ਧੌਲਾ ਦੀਆਂ ਸਰਬਜੀਤ ਕੌਰ ਪਤਨੀ ਨਿਰਮਲ ਸਿੰਘ, ਸਰਬਜੀਤ ਕੌਰ ਪਤਨੀ ਮੱਘਰ ਸਿੰਘ, ਰਣਜੀਤ ਕੌਰ ਪਤਨੀ ਮਿੱਠੂ ਸਿੰਘ ਮਹਿੰਦਰ ਕੌਰ ਪਤਨੀ ਬੁੱਧ ਸਿੰਘ ਨੇ ਬਰਨਾਲਾ ਦੇ ਕੁਝ ਵਿਅਕਤੀਆਂ ਵੱਲੋਂ ਫ਼ਰਜ਼ੀ ਕੰਪਨੀ ਬਣਾ ਕੇ ਲੋਨ ਦੇਣ ਦੇ ਨਾਂ ’ਤੇ ਉਨ੍ਹਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਬਰਨਾਲਾ ਦੀ ਅਤੇ ਇਕ ਫਿਰੋਜ਼ਪੁਰ ਕੰਪਨੀ ਦੇ ਕੁਝ ਕਰਮਚਾਰੀਆਂ ਨੇ ਪਿੰਡਾਂ ਵਿਚ ਆ ਕੇ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਹ ਅਨਪਡ਼੍ਹ ਹੋਣ ਕਰਕੇ ਉਨ੍ਹਾਂ ਦੇ ਜਾਲ ਵਿਚ ਫ਼ਸ ਗਈਆਂ। ਕੰਪਨੀ ਦੇ ਕਰਮਚਾਰੀਆਂ ਨੇ ਝਾਂਸਾ ਦਿੱਤਾ ਸੀ ਕਿ ਤੁਹਾਨੂੰ ਬੈਂਕਾਂ ਤੋਂ ਵੀ ਘੱਟ ਵਿਆਜ ’ਤੇ ਕਰਜ਼ੇ ਦਿੱਤੇ ਜਾਣਗੇ। ਉਕਤ ਕੰਪਨੀਆਂ ਵਾਲੇ ਨੇ ਸਾਨੂੰ 50,000 ਰੁਪਏ ਪ੍ਰਤੀ ਔਰਤ ਲੋਨ ਦਿੱਤਾ ਹੈ ਅਤੇ ਸਾਡੇ ਤੋਂ 5000 ਰੁਪਏ ਪ੍ਰਤੀ ਔਰਤ ਦੇ ਹਿਸਾਬ ਨਾਲ ਪਹਿਲਾਂ ਹੀ ਕੱਟ ਕੇ ਸਾਨੂੰ 45000 ਰੁਪਏ ਹੀ ਦਿੱਤੇ ਸਨ ਜਿਸ ਦਾ ਸਾਡੇ ਤੋਂ 4 ਫੀਸਦੀ ਤੋਂ ਵੀ ਜ਼ਿਆਦਾ ਵਿਆਜ ਲਿਆ ਜਾ ਰਿਹਾ ਹੈ। ਸਾਡੇ ਤੋਂ ਉਕਤ ਕੰਪਨੀ ਵਾਲਿਆਂ ਨੇ ਖ਼ਾਲੀ ਚੈੱਕ ਅਤੇ ਖ਼ਾਲੀ ਅਸ਼ਟਾਮਾਂ ’ਤੇ ਦਸਤਖ਼ਤ ਅੰਗੂਠੇ ਕਰਵਾ ਲਏ । ਇਸ ਸਬੰਧੀ ਜਦ ਉਨ੍ਹਾਂ ਆਪਣੇ ਕਿਸੇ ਪਡ਼੍ਹੇ ਲਿਖੇ ਵਾਕਫ਼ਕਾਰ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਕਤ ਕੰਪਨੀਆਂ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਇਹ ਕੰਪਨੀਆਂ ਆਰ.ਬੀ.ਆਈ. ਅਤੇ ਸੇਬੀ ਦੀਆਂ ਹਦਾਇਤਾਂ ਦੇ ਉਲਟ ਰੁਪਇਆਂ ਦਾ ਲੈਣ-ਦੇਣ ਕਰ ਰਹੀਆਂ ਹਨ। ਜਦ ਇਸ ਸਬੰਧੀ ਕੰਪਨੀ ਦੇ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਗਾਲੀ-ਗਲੋਚ ਕੀਤਾ ਅਤੇ ਕਿਸ਼ਤ ਨਾ ਦੇਣ ਦੀ ਸੂਰਤ ਵਿਚ ਔਰਤਾਂ ਤੋਂ ਘਰਾਂ ’ਚੋਂ ਘਰੇਲੂ ਵਰਤੋਂ ਦਾ ਸਾਮਾਨ ਲਿਜਾਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਅਨਪਡ਼੍ਹ ਹੋਣ ਤੇ ਭੋਲੇਪਣ ਦਾ ਲਾਹਾ ਲੈਂਦਿਆਂ ਆਪਣੇ ਮੱਕਡ਼ ਜਾਲ ਵਿੱਚ ਫਸਾ ਲਿਆ ਹੈ, ਜਿਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ’ਤੇ ਲਏ ਖ਼ਾਲੀ ਚੈੱਕ ਅਤੇ ਹੋਰ ਕਾਗ਼ਜ਼ਾਤ ਵਾਪਸ ਕਰਵਾਏ ਜਾਣ। ਕੀ ਕਹਿਣਾ ਹੈ ਥਾਣਾ ਮੁਖੀ ਦਾ ਇਸ ਸਬੰਧੀ ਜਦ ਥਾਣਾ ਰੂਡ਼ੇਕੇ ਕਲਾਂ ਦੇ ਮੁਖੀ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਔਰਤਾਂ ਦੀ ਦਰਖ਼ਾਸਤ ਮਿਲ ਗਈ ਹੈ, ਉਹ ਜਲਦੀ ਹੀ ਲੋਨ ਦੇਣ ਵਾਲੀ ਕੰਪਨੀ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਰਿਕਾਰਡ ਦੀ ਘੋਖ ਪਡ਼ਤਾਲ ਕੀਤੀ ਜਾਵੇਗੀ, ਜੇਕਰ ਔਰਤਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਸਹੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Related News