ਵਿਅਕਤੀ ਨੂੰ ਕਿਰਚ ਦਿਖਾ ਕੇ 69,480 ਦੀ ਨਕਦੀ ਲੁੱਟੀ

Wednesday, Apr 10, 2019 - 04:13 AM (IST)

ਵਿਅਕਤੀ ਨੂੰ ਕਿਰਚ ਦਿਖਾ ਕੇ 69,480 ਦੀ ਨਕਦੀ ਲੁੱਟੀ
ਸੰਗਰੂਰ (ਕਾਂਸਲ, ਵਿਕਾਸ)- ਇਲਾਕੇ ’ਚ ਬੇਖੌਫ ਘੁੰਮ ਰਹੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੇ ਲੋਕਾਂ ਦੀ ਨੱਕ ’ਚ ਦਮ ਕਰ ਰੱਖਿਆ ਹੈ। ਆਏ ਦਿਨ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਥਾਨਕ ਇਲਾਕੇ ਵਿਚ ਸਰਗਰਮ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੇ ਬੀਤੇ ਦਿਨ ਫਿਰ ਦਿਨ-ਦਿਹਾਡ਼ੇ ਦੁਪਹਿਰ ਲੋਨ ਕੁਲੈਕਸ਼ਨ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਘੇਰ ਕੇ ਕਿਰਚ ਨੁਮਾ ਤੇਜ਼ਧਾਰ ਹਥਿਆਰ ਦੀ ਨੋਕ ਉਪਰ 69,480 ਰੁਪਏ ਦੀ ਨਕਦੀ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਘਟਨਾ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਰੁਣ ਕੁਮਾਰ ਪੁੱਤਰ ਸ਼ਿਵ ਨਰਾਇਣ ਸ਼ਰਮਾ ਵਾਸੀ ਆਜ਼ਾਦ ਨਗਰ ਸਰਹਿੰਦ ਰੋਡ ਪਟਿਆਲਾ ਨੇ ਦੱਸਿਆ ਕਿ ਉਹ ਲੋਨ ਕੁਲੈਕਸ਼ਨ ਦਾ ਕੰਮ ਕਰਦਾ ਹੈ ਅਤੇ ਸੋਮਵਾਰ ਨੂੰ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਲੋਨ ਦੀ ਰਾਸ਼ੀ ਇਕੱਠੀ ਕਰ ਕੇ ਪਿੰਡ ਸ਼ਾਹਪੁਰ ਅਤੇ ਭਡ਼ੋ ਸਾਈਡ ਤੋਂ ਆ ਰਿਹਾ ਸੀ ਤਾਂ ਪਿੰਡ ਭਰਾਜ ਨੇਡ਼ੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਚਾਰ ਅਣਪਛਾਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਕਿਰਚ ਨੁਮਾ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੰਦਿਆਂ ਉਸ ਤੋਂ 69,480 ਰੁਪਏ ਦੀ ਨਕਦੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਇਹ ਫਰਾਰ ਹੋ ਗਏ। ਪੁਲਸ ਨੇ ਅਰੁਣ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related News