ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੇ ਜਾਣ ਦਾ ਮਾਮਲਾ ਉਲਝਿਆ, ਧਾਂਦਲੀ ਦਾ ਸ਼ੱਕ

Monday, Apr 01, 2019 - 03:59 AM (IST)

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੇ ਜਾਣ ਦਾ ਮਾਮਲਾ ਉਲਝਿਆ, ਧਾਂਦਲੀ ਦਾ ਸ਼ੱਕ
ਸੰਗਰੂਰ (ਸ਼ਾਮ)-ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਪਹਿਲੀ ਤੋ ਅੱਠਵੀਂ ਕਲਾਸ ’ਚ ਪਡ਼੍ਹਦੇ ਐੱਸ. ਸੀ., ਐੱਸ. ਟੀ. ਅਤੇ ਬੀ. ਪੀ. ਐੱਲ. ਪਰਿਵਾਰਾਂ ਨਾਲ ਸਬੰਧਤ ਲੱਖਾਂ ਬੱਚਿਆਂ ਨੂੰ 589 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ 15 ਜਨਵਰੀ ਤੱਕ ਵਰਦੀਆਂ ਜਾਰੀ ਕਰਨੀਆਂ ਸਨ, ਜਿਥੇ ਪਹਿਲਾਂ ਸਰਕਾਰ ਸਕੂਲ ਪੱਧਰ ’ਤੇ ਵਰਦੀਆਂ ਖਰੀਦ ਕੇ ਮੁਹੱਈਆ ਕਰਵਾਉਂਦੀ ਸੀ ਪਰ ਇਸ ਵਾਰ ਵੱਡੀਆਂ ਕੰਪਨੀਆਂ ਰਾਹੀਂ ਇਨ੍ਹਾਂ ਵਰਦੀਆਂ ਨੂੰ ਸਮੇਂ ਸਿਰ ਵੰਡਣ ’ਚ ਸਰਕਾਰ ਨਾਕਾਮ ਰਹੀ, ਹੁਣ ਸਰਕਾਰ ਨੇ ਖਾਦਿਮ ਇੰਡੀਆ ਲਿ. ਕੰਪਨੀ ਕਲਕੱਤਾ ਨੂੰ 13 ਜ਼ਿਲਿਆਂ ਦੇ ਸਕੂਲ, ਮਨਜੀਤ ਪਲਾਸਟਿਕ ਇੰਡਸਟਰੀਜ਼ ਬਹਾਦਰਗ੍ਹਡ਼ ਨੂੰ 4 ਜ਼ਿਲਿਆਂ ਦੇ ਸਕੂਲ ਅਤੇ ਜੂਨੀਫੈਬ ਟੈਕਸਟਾਈਲਜ਼ ਕੰਪਨੀ ਲੁਧਿਆਣਾ ਨੂੰ 5 ਜ਼ਿਲਿਆਂ ਦੇ ਸਕੂਲਾਂ ਦੀਆਂ ਵਰਦੀਆਂ ਦਾ ਟੈਂਡਰ ਦਿੱਤਾ ਹੈ, ਜਿਸ ਤੋਂ ਬਆਦ ਸਰਕਾਰ ਨੇ ਇਹ ਦਆਵਾ ਕੀਤਾ ਸੀ ਕਿ ਸਾਲ 2018-19 ਦੀਆਂ ਵਰਦੀਆਂ 31 ਮਾਰਚ ਤੱਕ ਸਿਆਲੂ ਵਰਦੀਆਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਤਪਾ ਮੰਡੀ ਵਾਸੀ ਆਰ. ਟੀ. ਆਈ. ਕਾਰਕੁੰਨ ਸੱਤਪਾਲ ਗੋਇਲ ਵੱਲੋਂ ਆਰ. ਟੀ. ਆਈ. ਰਾਹੀਂ ਮੰਗੀ ਗਈ ਜਾਣਕਾਰੀ ’ਚ ਬਹੁਤ ਖੁਲਾਸੇ ਹੋਏ ਹਨ, ਜਿਵੇਂ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਗੱਲ ਨੂੰ ਪਿੱਛੇ ਛੱਡ ਵਰਦੀਆਂ ਦੇਣ ਦੇ ਕਾਰਜ ਨੂੰ ਆਪਣੇ ਤਰੀਕੇ ਨਾਲ ਕਰਨਾ ਜ਼ਰੂਰੀ ਸਮਝਿਆ। ਪੰਜਾਬ ਸਰਕਾਰ ਲਈ ਸਭ ਤੋਂ ਸ਼ਰਮ ਵਾਲੀ ਗੱਲ ਤਾਂ ਇਹ ਰਹੀ ਕਿ ਪੰਜਾਬ ਸਰਕਾਰ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਰੋਜ਼ ਰੋਜ਼ਗਾਰ ਮੇਲੇ ਲਾਉਣ ਦੀਆਂ ਗੱਲਾਂ ਆਖ ਰਹੀ ਹੈ, ਦੂਜੇ ਪਾਸੇ 78 ਕਰੋਡ਼ ਰੁਪਏ ਦੀਆਂ ਵਰਦੀਆਂ ਸਿਲਾਈ ਕਰਨ ਦਾ ਰੋਜ਼ਗਾਰ ਜੋ ਪੰਜਾਬ ਦੇ ਲੋਕਾਂ ਨੂੰ ਮਿਲ ਸਕਦਾ ਸੀ, ਉਹ ਕਲਕੱਤਾ ਅਤੇ ਬਹਾਦੁਰਗਡ਼੍ਹ ਦੀਆਂ ਫਰਮਾਂ ਨੂੰ ਦੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੱਚਿਆਂ ਲਈ ਬਣਾਈਆਂ ਇਨ੍ਹਾਂ ਵਰਦੀਆਂ ਦੀ ਕੁਆਲਿਟੀ ਚੈੱਕ ਕਰਾਉਣ ਲਈ ਲੈਬਾਂ ’ਚ ਭੇਜਣਾ ਜ਼ਰੂਰੀ ਸੀ, ਜਿਸ ਤੋਂ ਬਾਅਦ ਇਕ ਕਮੇਟੀ ਗਠਿਤ ਕਰ ਕੇ, ਜਿਸ ’ਚ ਜ਼ਿਲਾ ਸਿੱਖਿਆ ਅਫ਼ਸਰ ਨੂੰ ਚੇਅਰਮੈਨ, ਡਿਪਟੀ ਸਿੱਖਿਆ ਅਫਸਰ ਮੈਂਬਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਂਬਰ, ਟੈਕਸਟਾਈਲ ਲੈਕਚਰਾਰ ਮੈਂਬਰ ਬਣਾਇਆ ਜਾਣਾ ਜ਼ਰੂਰੀ ਸੀ, ਇਸ ਕਮੇਟੀ ਵੱਲੋਂ ਵਰਦੀਆਂ ਦੀ ਕੁਆਲਿਟੀ ਚੈੱਕ ਕੀਤੀ ਜਾਣੀ ਸੀ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਛਿੱਕੇ ਟੰਗੇ ਜਾਣ ਦਾ ਫਾਇਦਾ ਉਠਾ ਕੇ ਸਬੰਧਤ ਲੋਕਾਂ ਵੱਲੋਂ 589 ਰੁਪਏ ਇਕ ਬੱਚੇ ਦੇ ਹਿਸਾਬ ਨਾਲ ਖਰਚ ਕੇ ਮਿਲਣ ਵਾਲੀ ਵਰਦੀ ਨੂੰ ਬਹੁਤ ਹੀ ਘਟੀਆ ਪੱਧਰ ਦੇ ਕੱਪਡ਼ੇ ਨਾਲ ਬਣਾ ਕੇ ਸਕੂਲਾਂ ’ਚ ਭੇਜਿਆ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਚਰਚੇ ਚਲ ਰਹੇ ਹਨ ਕਿ ਇਸ ਵਰਦੀ ਦੀ ਕੀਮਤ 300 ਤੋਂ ਵੱਧ ਨਹੀ ਹੈ। ਸ਼੍ਰੀ ਗੋਇਲ ਵੱਲੋਂ ਪਾਈ ਆਰ.ਟੀ.ਆਈ ’ਚ ਕਿਹਾ ਗਿਆ ਹੈ ਕਿ ਵਰਦੀ ਮਾਫੀਆ ਵੱਲੋਂ 589 ਰੁਪਏ ਦੀ ਥਾਂ ਸਬ-ਡੀਲਰਾਂ ਨੂੰ 400 ਰੁਪਏ ਪ੍ਰਤੀ ਵਰਦੀ ਦੇ ਹਿਸਾਬ ਨਾਲ ਸਬਲੈਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਵਰਦੀਆਂ ਬੱਚਿਆਂ ਦੇ ਮੇਚ ਵੀ ਨਹੀਂ ਆ ਰਹੀਆਂ ਕਿਉਂਕਿ ਬਗੈਰ ਨਾਪ ਲਏ ਤੋਂ ਇਹ ਵਰਦੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਕੱਪਡ਼ਾ ਸਿਆਲੂ ਹੋਣ ਕਾਰਨ ਬੱਚਿਆਂ ਦੇ ਸਰੀਰ ਨੂੰ ਚੁਭ ਰਹੀਆਂ, ਇਸ ਤੋਂ ਇਲਾਵਾ ਸਿਆਲੂ ਵਰਦੀਆਂ ਦਿੱਤੀਆਂ ਜਾਣ ਕਾਰਨ ਹੁਣ ਬੱਚਿਆਂ ਨੂੰ ਗਰਮੀਆਂ ’ਚ ਮੁਸ਼ਕਲਾਂ ਆ ਰਹੀਆਂ ਹਨ ਅਤੇ ਜਦੋਂ ਅਗਲੇ ਸਾਲ ਸਿਆਲ ਆਉਣਗੇ ਤਾਂ ਬੱਚਿਆਂ ਦੇ ਵਰਦੀਆਂ ਉੱਚੀਆਂ ਵੀ ਹੋ ਜਾਣਗੀਆਂ। ਸ਼੍ਰੀ ਸੱਤਪਾਲ ਗੋਇਲ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਪੰਜਾਬ ਨੂੰ ਚਿੱਠੀ ਜਾਰੀ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਵਰਦੀਆਂ ’ਚ ਹੋਈ ਇਸ ਧਾਂਦਲੀ ਨੂੰ ਲੈ ਕੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖਡ਼ਕਾਉਣਗੇ। ਇਸ ਮਾਮਲੇ ਸਬੰਧੀ ਜਦ ਜ਼ਿਲਾ ਸਿੱਖਿਆ ਅਫਸਰ ਮੈਡਮ ਰਾਜਵੰਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਜੋ ਵਰਦੀਆਂ ਸਕੂਲਾਂ ’ਚ ਵੰਡੀਆਂ ਗਈਆਂ ਹਨ। ਸਪਲਾਇਅਰ ਨੇ ਖੁਦ ਸਕੂਲ ਅਨੁਸਾਰ ਵੰਡੀਆਂ ਗਈਆਂ ਹਨ, ਸਾਡੇ ਵੱਲੋਂ ਬੱਚਿਆਂ ਦਾ ਮੇਚ ਮੰਗਿਆ ਗਿਆ ਸੀ ਜੋ ਭੇਜ ਦਿੱਤਾ ਸੀ।

Related News