ਪਿੰਡ ਹਮੀਦੀ ’ਚ ਚੋਰ ਗਿਰੋਹ ਦਾ ਕਹਿਰ, 11 ਕਿਸਾਨਾਂ ਦੀਆਂ ਮੋਟਰਾਂ ਤੋਂ ਸੈਂਕੜੇ ਫੁੱਟ ਕੇਬਲ ਚੋਰੀ
Saturday, Jan 31, 2026 - 02:36 PM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਬੀਤੀ ਰਾਤ ਚੋਰ ਗਰੋਹ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ 11 ਕਿਸਾਨਾਂ ਦੀਆਂ ਟਿਊਬਵੇਲ ਮੋਟਰਾਂ ਤੋਂ ਸੈਂਕੜੇ ਫੁੱਟ ਬਿਜਲੀ ਦੀ ਕੇਬਲ ਵੱਢ ਕੇ ਚੋਰੀ ਕਰ ਲਈ ਗਈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਪਿੰਡ ਹਮੀਦੀ ਸਮੇਤ ਨੇੜਲੇ ਇਲਾਕੇ ਵਿੱਚ ਕਿਸਾਨਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹਮੀਦੀ ਤੋਂ ਖੇਤਾਂ ਵੱਲ ਜਾਣ ਵਾਲੇ ਕੱਚੇ ਰਸਤੇ ਦੇ ਵਿਚਕਾਰੋਂ ਲੰਘਦੀ ਡਰੇਨ ਦੀ ਪੱਟੜੀ ਦੇ ਨਜ਼ਦੀਕ ਸਥਿਤ 11 ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਟਿਊਬਵੇਲ ਮੋਟਰਾਂ ਨੂੰ ਚੋਰ ਗਰੋਹ ਨੇ ਨਿਸ਼ਾਨਾ ਬਣਾਇਆ।
ਚੋਰ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੋਟਰਾਂ ਨਾਲ ਜੁੜੀਆਂ ਬਿਜਲੀ ਦੀਆਂ ਤਾਰਾਂ ਵੱਢ ਕੇ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਕਿਸਾਨਾਂ ਮੁਤਾਬਕ ਹਰਵਿੰਦਰ ਸਿੰਘ ਦੀਆਂ ਦੋ ਮੋਟਰਾਂ ਤੋਂ ਕਰੀਬ 70 ਫੁੱਟ ਕੇਬਲ, ਤਰਸੇਮ ਸਿੰਘ ਦੀ ਮੋਟਰ ਤੋਂ 100 ਫੁੱਟ, ਹਾਕਮ ਸਿੰਘ ਰਾਣੂ ਦੀ ਮੋਟਰ ਤੋਂ 40 ਫੁੱਟ, ਮਾਸਟਰ ਭਜਨ ਸਿੰਘ ਦੀ ਮੋਟਰ ਤੋਂ 100 ਫੁੱਟ, ਜਰਨੈਲ ਸਿੰਘ ਦੀ ਮੋਟਰ ਤੋਂ 60 ਫੁੱਟ, ਮਲਕੀਤ ਸਿੰਘ ਦੀ ਮੋਟਰ ਤੋਂ 70 ਫੁੱਟ, ਹਰਨਾਮ ਸਿੰਘ ਦੀ ਮੋਟਰ ਤੋਂ 50 ਫੁੱਟ, ਇੱਕ ਹੋਰ ਮੋਟਰ ਤੋਂ 40 ਫੁੱਟ ਅਤੇ ਮੇਜਰ ਸਿੰਘ ਦੀ ਮੋਟਰ ਤੋਂ ਲਗਭਗ ਡੇਢ ਸੌ ਫੁੱਟ ਬਿਜਲੀ ਦੀ ਕੇਬਲ ਚੋਰੀ ਕੀਤੀ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹ ਸਵੇਰੇ ਖੇਤਾਂ ਵਿੱਚ ਫਸਲਾਂ ਦੀ ਦੇਖਭਾਲ ਅਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਏ। ਜਦੋਂ ਟਿਊਬਵੇਲਾਂ ਦੇ ਕੋਠਿਆਂ ਵਿੱਚ ਜਾ ਕੇ ਵੇਖਿਆ ਗਿਆ ਤਾਂ ਮੋਟਰਾਂ ਦੀਆਂ ਤਾਰਾਂ ਵੱਢੀਆਂ ਹੋਈਆਂ ਗਾਇਬ ਸਨ। ਲਗਾਤਾਰ ਚੋਰੀਆਂ ਕਾਰਨ ਕਿਸਾਨਾਂ ਵਿਚ ਗੁੱਸਾ ਅਤੇ ਡਰ ਦੋਵੇਂ ਹੀ ਵਧ ਰਹੇ ਹਨ।
ਹਾਲਾਤ ਇਹ ਹਨ ਕਿ ਕਿਸਾਨ ਹੁਣ ਰਾਤ ਸਮੇਂ ਆਪਣੇ ਖੇਤਾਂ ਵਿੱਚ ਜਾਣ ਤੋਂ ਵੀ ਘਬਰਾਉਣ ਲੱਗ ਪਏ ਹਨ। ਚੋਰੀ ਸਬੰਧੀ ਥਾਣਾ ਠੁੱਲੀਵਾਲ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪੀੜਤ ਕਿਸਾਨ ਬਲੌਰ ਸਿੰਘ ਅਤੇ ਜਗਦੇਵ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲੇ ਅਤੇ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ’ਤੇ ਰੋਕ ਲੱਗ ਸਕੇ। ਉਧਰ ਇਸ ਸਬੰਧੀ ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦੀ ਹੀ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।
