ਇਨਕਮ ਟੈਕਸ ਫ੍ਰੀ ਹੋਣ ਵਾਲਾ ਪੰਜਾਬ ਦਾ ਪਹਿਲਾ ਨਗਰ ਸੁਧਾਰ ਟਰੱਸਟ ਬਣਿਆ ਬਰਨਾਲਾ
Wednesday, Jan 21, 2026 - 01:46 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਬਰਨਾਲਾ ਨੇ ਇਕ ਅਜਿਹੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਨੇ ਪੂਰੇ ਸੂਬੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਅਧਿਕਾਰਤ ਤੌਰ 'ਤੇ 'ਇਨਕਮ ਟੈਕਸ ਫ੍ਰੀ' ਟਰੱਸਟ ਐਲਾਨ ਦਿੱਤਾ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਟਰੱਸਟ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੀ ਵੱਡੀ ਕਰ ਛੋਟ ਪ੍ਰਾਪਤ ਹੋਈ ਹੈ।
ਇਸ ਮਹੱਤਵਪੂਰਨ ਸਫਲਤਾ ਦਾ ਸਿਹਰਾ ਪ੍ਰਸਿੱਧ ਟੈਕਸ ਵਕੀਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਸੀਏ ਡਾ. ਪ੍ਰਦੀਪ ਗੋਇਲ ਨੂੰ ਜਾਂਦਾ ਹੈ। ਉਨ੍ਹਾਂ ਦੀ ਕਾਨੂੰਨੀ ਸੂਝ-ਬੂਝ ਅਤੇ ਲੰਬੀ ਪੈਰਵੀ ਕਾਰਨ ਹੀ ਬਰਨਾਲਾ ਨੂੰ ਰਾਸ਼ਟਰੀ ਪੱਧਰ 'ਤੇ ਇਹ ਪਛਾਣ ਮਿਲੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਨੇ ਪੱਧਰਾ ਕੀਤਾ ਰਾਹ
ਡਾ. ਪ੍ਰਦੀਪ ਗੋਇਲ ਨੇ ਆਪਣੇ ਬਰਨਾਲਾ ਸਥਿਤ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਲਗਭਗ 30 ਨਗਰ ਸੁਧਾਰ ਟਰੱਸਟ ਕੰਮ ਕਰ ਰਹੇ ਹਨ, ਜੋ ਸ਼ਹਿਰਾਂ ਦੀ ਯੋਜਨਾਬੰਦੀ ਅਤੇ ਵਿਕਾਸ ਦਾ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਇਹ ਟਰੱਸਟ ਸਿਰਫ਼ 'ਚੈਰੀਟੇਬਲ ਟਰੱਸਟ' ਵਜੋਂ ਰਜਿਸਟਰਡ ਸਨ, ਜਿਸ ਕਾਰਨ ਇਨ੍ਹਾਂ ਨੂੰ ਆਡਿਟ ਅਤੇ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਬਹੁਤ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ।
ਡਾ. ਗੋਇਲ ਨੇ ਸਪੱਸ਼ਟ ਕੀਤਾ ਕਿ ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਇੱਕ ਮਾਮਲੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ ਸੀ। ਅਦਾਲਤ ਨੇ ਮੰਨਿਆ ਸੀ ਕਿ ਕਿਉਂਕਿ ਇਹ ਟਰੱਸਟ ਰਾਜ ਦੇ ਵਿਕਾਸ ਅਤੇ ਜਨਤਕ ਸੇਵਾ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ, ਇਸ ਲਈ ਇਨ੍ਹਾਂ ਨੂੰ ਟੈਕਸ ਦੇ ਦਾਇਰੇ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ। ਇਸੇ ਫੈਸਲੇ ਦੇ ਆਧਾਰ 'ਤੇ ਭਾਰਤ ਸਰਕਾਰ ਨੇ ਇਨਕਮ ਟੈਕਸ ਐਕਟ ਵਿੱਚ ਨਵੀਂ ਧਾਰਾ 10(46) ਸ਼ਾਮਲ ਕੀਤੀ ਸੀ।
ਦੋ ਸਾਲ ਦੀ ਸਖ਼ਤ ਕਾਨੂੰਨੀ ਪੈਰਵੀ
ਇਸ ਪ੍ਰਾਪਤੀ ਪਿੱਛੇ ਦੋ ਸਾਲਾਂ ਦਾ ਲੰਬਾ ਸੰਘਰਸ਼ ਅਤੇ ਕਾਨੂੰਨੀ ਪ੍ਰਕਿਰਿਆ ਸ਼ਾਮਲ ਹੈ। ਡਾ. ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ 20 ਮਾਰਚ 2024 ਨੂੰ ਬਰਨਾਲਾ ਟਰੱਸਟ ਦਾ ਕੇਸ ਫਾਈਲ ਕੀਤਾ ਸੀ। ਇਸ ਤੋਂ ਬਾਅਦ ਲਗਾਤਾਰ ਦੋ ਸਾਲਾਂ ਤੱਕ ਦਿੱਲੀ ਵਿੱਚ ਪ੍ਰਿੰਸੀਪਲ ਚੀਫ਼ ਕਮਿਸ਼ਨਰ ਅਤੇ ਚੰਡੀਗੜ੍ਹ ਵਿੱਚ ਕਮਿਸ਼ਨਰ ਆਫ਼ ਇਨਕਮ ਟੈਕਸ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਦੀ ਪੈਰਵੀ ਕੀਤੀ ਗਈ। ਵੱਖ-ਵੱਖ ਜਾਂਚਾਂ ਅਤੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ, 19 ਜਨਵਰੀ 2026 ਨੂੰ ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬਰਨਾਲਾ ਟਰੱਸਟ ਨੂੰ ਵਿੱਤੀ ਸਾਲ 2023-24 ਤੋਂ ਟੈਕਸ-ਫ੍ਰੀ ਬਾਡੀ ਐਲਾਨ ਦਿੱਤਾ।
ਟਰੱਸਟ ਨੂੰ ਹੋਣ ਵਾਲੇ ਵੱਡੇ ਲਾਭ
ਟੈਕਸ-ਫ੍ਰੀ ਹੋਣ ਤੋਂ ਬਾਅਦ ਟਰੱਸਟ ਨੂੰ ਹੁਣ ਕਈ ਗੁੰਝਲਦਾਰ ਪ੍ਰਕਿਰਿਆਵਾਂ ਤੋਂ ਮੁਕਤੀ ਮਿਲ ਜਾਵੇਗੀ:
* ਹੁਣ ਚੈਰੀਟੇਬਲ ਟਰੱਸਟ ਅਧੀਨ ਹੋਣ ਵਾਲੇ ਔਖੇ ਆਡਿਟ ਦੀ ਲੋੜ ਨਹੀਂ ਪਵੇਗੀ।
* ਹਰ ਸਾਲ ਭਾਰੀ ਇਨਕਮ ਟੈਕਸ ਭਰਨ ਦੀ ਲਾਜ਼ਮੀ ਸ਼ਰਤ ਖ਼ਤਮ ਹੋ ਗਈ ਹੈ।
* ਧਾਰਾ 12-ਏ ਤਹਿਤ ਵਾਰ-ਵਾਰ ਰਜਿਸਟ੍ਰੇਸ਼ਨ ਰਿਨਿਊ ਕਰਵਾਉਣ ਦੀ ਸਖ਼ਤ ਪ੍ਰਕਿਰਿਆ ਤੋਂ ਛੁਟਕਾਰਾ ਮਿਲ ਗਿਆ ਹੈ।
* ਧਾਰਾ 10(46) ਤਹਿਤ ਹੁਣ ਟਰੱਸਟ ਨੂੰ ਪੱਕੀ ਛੋਟ ਮਿਲ ਗਈ ਹੈ।
ਸਹਿਯੋਗੀਆਂ ਦਾ ਧੰਨਵਾਦ
ਡਾ. ਪ੍ਰਦੀਪ ਗੋਇਲ ਨੇ ਇਸ ਇਤਿਹਾਸਕ ਸਫਲਤਾ ਲਈ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ, ਸਾਬਕਾ ਈ.ਓ ਰਵਿੰਦਰ ਕੁਮਾਰ, ਮੌਜੂਦਾ ਈ.ਓ ਰਾਜੇਸ਼ ਕੁਮਾਰ, ਅਕਾਊਂਟੈਂਟ ਰਜਿੰਦਰ ਕੌਰ ਅਤੇ ਰਿਪਨ ਕੁਮਾਰ ਸਮੇਤ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਐਡਵੋਕੇਟ ਦੀਪਿਕਾ ਪ੍ਰਦੀਪ ਗੋਇਲ ਵੀ ਹਾਜ਼ਰ ਸਨ। ਬਰਨਾਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਡਾ. ਗੋਇਲ ਦੀ ਮਿਹਨਤ ਸਦਕਾ ਸ਼ਹਿਰ ਦਾ ਨਾਂ ਕੌਮੀ ਪੱਧਰ 'ਤੇ ਚਮਕਿਆ ਹੈ ਅਤੇ ਹੁਣ ਟਰੱਸਟ ਦਾ ਪੈਸਾ ਸਿੱਧੇ ਤੌਰ 'ਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਖਰਚ ਹੋ ਸਕੇਗਾ।
