ਮਰਨ ਵਰਤ ’ਤੇ ਬੈਠੇ ਉਜਾਗਰ ਸਿੰਘ ਚੋਂਦਾ ਨੂੰ ਪੁਲਸ ਨੇ ਜਬਰੀ ਚੁੱਕਿਆ

Sunday, Mar 24, 2019 - 03:48 AM (IST)

ਮਰਨ ਵਰਤ ’ਤੇ ਬੈਠੇ ਉਜਾਗਰ ਸਿੰਘ ਚੋਂਦਾ ਨੂੰ ਪੁਲਸ ਨੇ ਜਬਰੀ ਚੁੱਕਿਆ
ਸੰਗਰੂਰ (ਸੰਜੀਵ ਜੈਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਗੰਨਾ ਮਿੱਲ ਵੱਲ ਫਸੀ ਕਿਸਾਨਾਂ ਦੀ ਕਰੋਡ਼ਾਂ ਰੁਪਏ ਦੀ ਰਕਮ ਦੀ ਅਦਾਇਗੀ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਸ਼ੂਗਰ ਮਿੱਲ ਦੇ ਗੇਟ ਅੱਗੇ ਸ਼ੁਰੂ ਕੀਤੇ ਗਏ ਮਰਨ ਵਰਤ ’ਤੇ ਬੈਠੇ ਉਜਾਗਰ ਸਿੰਘ ਚੋਂਦਾ ਨੂੰ ਅੱਜ ਸ਼ਾਮ ਸਵਾ 5 ਵਜੇ ਥਾਣਾ ਸਿਟੀ ਧੂਰੀ ਦੀ ਪੁਲਸ ਜਬਰੀ ਚੁੱਕ ਕੇ ਲੈ ਗਈ। ਇਸ ਮੌਕੇ ਹੋਈ ਖਿੱਚ ਧੂਹ ਦੌਰਾਨ ਸੰਘਰਸ਼ ਕਰ ਰਹੇ ਕਈ ਕਿਸਾਨਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ ਅਤੇ ਜਥੇਬੰਦੀ ਨੇ ਬਾਅਦ ਵਿਚ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਨੂੰ ਮਰਨ ਵਰਤ ’ਤੇ ਬਿਠਾ ਦਿੱਤਾ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਜ਼ਿਲਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਪੁਰ, ਜਰਨੈਲ ਸਿੰਘ ਜਹਾਂਗੀਰ, ਨਿਰਮਲ ਸਿੰਘ ਘਨੌਰ, ਆਪ ਆਗੂ ਡਾ. ਅਨਵਰ ਭਸੌਡ਼ ਆਦਿ ਨੇ ਪੁਲਸ ਦੀ ਅੱਜ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਪੁਲਸ ’ਤੇ ਗੈਰ ਮਨੁੱਖੀ ਵਰਤਾਅ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਵੱਲੋਂ ਸਰਕਾਰ ਦੀ ਸ਼ਹਿ ’ਤੇ ਪਹਿਲਾਂ ਮਹਿੰਦਰ ਸਿੰਘ ਸੇਖਾ ਅਤੇ ਅੱਜ ਉਜਾਗਰ ਸਿੰਘ ਚੌਂਦਾ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਪਰ ਸੰਘਰਸ਼ ਕਰ ਰਹੇ ਜਥੇਬੰਦੀਆਂ ਕੋਲ ਮਰਨ ਵਰਤ ’ਤੇ ਬੈਠਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ ਅਤੇ ਜੱਦ ਤੱਕ ਗੰਨੇ ਦੀ ਪਿਛਲੀ ਅਤੇ ਮੌਜੂਦਾ ਅਦਾਇਗੀ ਨਹੀ ਕੀਤੀ ਜਾਂਦੀ, ਸੰਘਰਸ਼ ਲਗਾਤਾਰ ਜਾਰੀ ਰਹੇਗਾ।

Related News