ਦੁਕਾਨਦਾਰਾਂ ਦਾ ਸਡ਼ਕ ’ਤੇ ਪਿਆ ਸਾਮਾਨ ਚੁੱਕਵਾਇਆ
Saturday, Mar 16, 2019 - 04:16 AM (IST)
ਸੰਗਰੂਰ (ਪ੍ਰਵੀਨ)- ਸਿਟੀ ਇੰਚਾਰਜ ਸੰਗਰੂਰ ਨੇ ਬਡ਼ੇ ਚੌਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਮਾਰਕੀਟ ਚੌਕ ਤੱਕ ਟ੍ਰੈਫਿਕ ਪੁਲਸ ਨੂੰ ਨਾਲ ਲੈ ਕੇ ਦੁਕਾਨਾਂ ਅੱਗੇ ਰੱਖੇ ਵਾਧੂ ਸਾਮਾਨ ਨੂੰ ਪਿੱਛੇ ਹਟਾਉਣ ਲਈ ਮੁਹਿੰਮ ਚਲਾਈ। ਇੰਸਪੈਕਟਰ ਨੇ ਲੋਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਪੱਕੇ ਤੌਰ ’ਤੇ ਟੈਂਟ ਲਾ ਕੇ ਵਾਧੂ ਸਾਮਾਨ ਰੱਖ ਕੇ ਬੈਠੇ ਹੋ, ਇਸ ਨਾਲ ਟ੍ਰੈਫਿਕ ਵਿਚ ਵਿਘਨ ਪੈਂਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਪ੍ਰੇਰਦਿਆਂ ਕਿਹਾ ਕਿ ਆਪਣਾ ਸਾਮਾਨ ਦੁਕਾਨ ਦੀ ਹਦੂਦ ’ਚ ਹੀ ਰੱਖਿਆ ਕਰਨ ਤਾਂ ਜੋ ਬਾਜ਼ਾਰਾਂ ਵਿਚ ਵਾਧੂ ਭੀਡ਼ ਨਾ ਹੋਵੇ ਅਤੇ ਟ੍ਰੈਫਿਕ ਨੂੰ ਸੁਚਾਰੂ ਰੂਪ ’ਚ ਚਾਲੂ ਰੱਖਿਆ ਜਾ ਸਕੇ। ਉਨ੍ਹਾਂ ਸਡ਼ਕਾਂ ’ਤੇ ਖਡ਼੍ਹੇ ਕੀਤੇ ਵਾਹਨ ਚਾਲਕਾਂ ਦੇ ਮਾਲਕਾਂ ਨੂੰ ਵੀ ਪ੍ਰੇਰਦਿਆਂ ਕਿਹਾ ਕਿ ਉਹ ਗੱਡੀਆਂ ਤੇ ਦੋ-ਪਹੀਆ ਵਾਹਨ ਸਡ਼ਕਾਂ ਦੇ ਵਿਚਕਾਰ ਨਾ ਖਡ਼੍ਹੇ ਕਰਿਆ ਕਰਨ ਇਸ ਨਾਲ ਦੂਸਰਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਨਿਮਰਤਾ ਸਹਿਤ ਸਾਰੇ ਦੁਕਾਨਦਾਰਾਂ, ਰੇਹੜੀ-ਫਡ਼੍ਹੀ ਵਾਲਿਆਂ ਅਤੇ ਹੋਰ ਉਨ੍ਹਾਂ ਲੋਕਾਂ ਨੂੰ ਜਿਹਡ਼ੇ ਵਾਹਨ ਸਡ਼ਕਾਂ ’ਤੇ ਖਡ਼੍ਹੇ ਕਰਦੇ ਹਨ, ਪ੍ਰੇਰਦੇ ਹਾਂ ਕਿ ਉਹ ਸਡ਼ਕਾਂ ’ਤੇ ਵਾਧੂ ਸਾਮਾਨ ਤੇ ਵਾਹਨ ਨਾ ਖਡ਼੍ਹੇ ਕਰਨ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਜਾਂ ਵਾਹਨ ਚਾਲਕ ਵਾਰ-ਵਾਰ ਟ੍ਰੈਫਿਕ ’ਚ ਵਿਘਨ ਪਾਉਣ ਦੇ ਯਤਨ ਜਾਰੀ ਰੱਖਣਗੇ ਤਾਂ ਉਨ੍ਹਾਂ ਦੇ ਵਿਰੁੱਧ ਸਾਨੂੰ ਸਖਤੀ ਵਰਤਣੀ ਪਵੇਗੀ। ਇਸ ਸਮੇਂ ਉਨ੍ਹਾਂ ਦੇ ਨਾਲ ਸਿਟੀ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਅਤੇ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਸਨ।
