ਮਾਮਲਾ ਤਨਖ਼ਾਹਾਂ ਨਾ ਮਿਲਣ ਦਾ

Tuesday, Feb 12, 2019 - 04:25 AM (IST)

ਮਾਮਲਾ ਤਨਖ਼ਾਹਾਂ ਨਾ ਮਿਲਣ ਦਾ
ਸੰਗਰੂਰ (ਗਰਗ, ਜਿੰਦਲ)-ਸੂਬਾ ਸਰਕਾਰ ਵੱਲੋਂ ਲਹਿਰਾਗਾਗਾ ਵਿਖੇ ਚੱਲ ਰਹੇ ਸਰਕਾਰੀ ਪੋਲੀਟੈਕਨਿਕ ਕਾਲਜ ਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪਿਤਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ’ਤੇ ਅਪਗ੍ਰੇਡ ਕਰ ਕੇ ਸਥਾਪਿਤ ਕੀਤਾ ਗਿਆ ਪਰ ਉਕਤ ਡਿਗਰੀ ਕਾਲਜ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ’ਤੇ ਜਿਥੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ, ਉਥੇ ਆਪਣੇ ਭਵਿੱਖ ਨੂੰ ਤਰਸ ਰਿਹਾ ਹੈ। ਕਾਲਜ ਦੀ ਤਰਸਯੋਗ ਹਾਲਤ ਅਤੇ ਸਮੂਹ ਸਟਾਫ਼ ਨੂੰ 8 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਜ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਮੂਹ ਸਟਾਫ ਵੱਲੋਂ ਅਣਮਿੱਥੇ ਸਮੇਂ ਲਈ ਕਲਮਛੋਡ਼ ਹਡ਼ਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 2005 ’ਚ ਬੀਬੀ ਭੱਠਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਲਹਿਰਾਗਾਗਾ ਨੂੰ ਅਪਗ੍ਰੇਡ ਕਰਕੇ ਸਥਾਪਤ ਕੀਤਾ ਗਿਆ ਸੀ ਪਰ 2005 ਤੋਂ ਬਾਅਦ ਕਾਲਜ ਨੂੰ ਕੋਈ ਸਰਕਾਰੀ ਗ੍ਰਾਂਟ ਨਹੀਂ ਦਿੱਤੀ ਗਈ, 2012 ਤੱਕ ਕਾਲਜ ’ਚ ਵੱਖ-ਵੱਖ ਸਟੇਟਾਂ ਪੰਜਾਬ, ਹਰਿਆਣਾ, ਯੂ. ਪੀ., ਬਿਹਾਰ, ਦਿੱਲੀ, ਉਤਰਾਂਚਲ ਤੋਂਂ ਇਲਾਵਾ ਹੋਰ ਸਟੇਟਾਂ ਤੋਂ ਕਾਲਜ ’ਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਦੋ ਹਜ਼ਾਰ ਬਾਰਾਂ ਤੋਂ ਬਾਅਦ ਸਰਕਾਰ ਦੀਆਂ ਸਰਕਾਰੀ ਕਾਲਜਾਂ ਪ੍ਰਤੀ ਗਲਤ ਨੀਤੀਆਂ ਦੇ ਕਾਰਨ ਉਕਤ ਕਾਲਜ ਦੇ ਦਸ ਕਿਲੋਮੀਟਰ ਦੇ ਅੰਦਰ ਕਈ ਪ੍ਰਾਈਵੇਟ ਡਿਪਲੋਮਾ ਅਤੇ ਬੀ. ਟੈੱਕ. ਡਿਗਰੀ ਕਾਲਜਾਂ ਨੂੰ ਮਾਨਤਾ ਦੇ ਦਿੱਤੀ ਗਈ , ਜਿਸ ਦੇ ਕਾਰਨ ਸੰਸਥਾ ਦੇ ਦਾਖਲਿਆਂ ਉੱਪਰ ਬਹੁਤ ਮਾਡ਼ਾ ਪ੍ਰਭਾਵ ਪਿਆ ਉਪਰੋਕਤ ਸਥਿਤੀ ਸਬੰਧੀ ਕਾਲਜ ਪ੍ਰਸ਼ਾਸਨ ਤੇ ਸਟਾਫ ਵੱਲੋਂ ਕਈ ਵਾਰੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਮਜਬੂਰ ਹੋ ਕੇ ਸਟਾਫ਼ ਨੂੰ ਅਣਮਿੱਥੇ ਸਮੇਂ ਲਈ ਕਲਮਛੋਡ਼ ਹਡ਼ਤਾਲ ਸ਼ੁਰੂ ਕਰਨੀ ਪਈ , ਉਨ੍ਹਾਂ ਕਿਹਾ ਕੇ ਮਈ 2018 ਤੋਂ ਸਥਿਤੀ ਅਜਿਹੀ ਹੋ ਗਈ ਕਿ ਸਟਾਫ ਨੂੰ ਤਨਖਾਹ ਹੀ ਨਹੀਂ ਮਿਲ ਰਹੀ, ਅੱਠ ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤਣ ਦੇ ਉਪਰੰਤ ਵੀ ਸਰਕਾਰ ਵੱਲੋਂ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ, ਜਿਸਦੇ ਕਾਰਨ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਅਤੇ ਪਰਿਵਾਰਾਂ ਦੀ ਸਥਿਤੀ ਆਰਥਿਕ ਪੱਖੋਂ ਤਰਸਯੋਗ ਹੋ ਗਈ ਹੈ ,ਕਾਲਜ ਸਟਾਫ ਵੱਲੋਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਪੰਦਰਾਂ ਦਿਨਾਂ ਦਾ ਨੋਟਿਸ ਦੇਣ ਉਪਰੰਤ ਅਣਮਿੱਥੇ ਸਮੇਂ ਲਈ ਕਲਮਛੋਡ਼ ਹਡ਼ਤਾਲ ਕਰਨ ਲਈ ਮਜਬੂਰ ਹੋਣਾ ਪਿਆ, ਤਨਖਾਹ ਨਾ ਮਿਲਣ ਦੇ ਕਾਰਨ ਸਮੂਹ ਸਟਾਫ ਆਰਥਿਕ ਤੇ ਮਾਨਸਿਕ ਤੌਰ ’ਤੇ ਬੁਰੀ ਹਾਲਤ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਮੂਹ ਸਟਾਫ਼ ਅਤੇ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਮਸਲੇ ਦਾ ਸਥਾਈ ਹੱਲ ਕਰੇ ਅਤੇ ਕਾਲਜ ਨੂੰ ਬਣਦੀ ਗ੍ਰਾਂਟ ਦੇਵੇ ਤਾਂ ਜੋ ਸਮੂਹ ਸਟਾਫ਼ ਆਪਣੇ ਭਵਿੱਖ ਨੂੰ ਸੁਰੱਖਿਅਤ ਸਮਝੇ।

Related News