ਵਾਤਾਵਰਣ ਦਾ ਰਾਖਾ ਬਣਿਆ ਪਿੰਡ ਖੇੜੀ ਦਾ ਨੌਜਵਾਨ ਕਿਸਾਨ

Friday, Nov 22, 2019 - 11:56 AM (IST)

ਵਾਤਾਵਰਣ ਦਾ ਰਾਖਾ ਬਣਿਆ ਪਿੰਡ ਖੇੜੀ ਦਾ ਨੌਜਵਾਨ ਕਿਸਾਨ

ਸੰਗਰੂਰ (ਵਿਵੇਕ ਸਿੰਧਵਾਨੀ) : ਜ਼ਿਲਾ ਅਤੇ ਬਲਾਕ ਸੰਗਰੂਰ ਦੇ ਪਿੰਡ ਖੇੜੀ ਦਾ 26 ਸਾਲਾ ਅਗਾਂਹਵਧੂ ਕਿਸਾਨ ਪਰਵਿੰਦਰ ਸਿੰਘ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਇਸ ਦਾ ਢੁਕਵਾਂ ਨਿਬੇੜਾ ਕਰ ਕੇ ਵਾਤਾਵਰਣ ਸੰਭਾਲ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਪਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਗ੍ਰੈਜੂਏਸ਼ਨ (ਬੀ. ਬੀ. ਏ.) ਕੀਤੀ ਹੋਈ ਹੈ ਅਤੇ ਇਸ ਵੇਲੇ ਉਹ ਪਾਮੇਤੀ ਲੁਧਿਆਣਾ ਵਿਖੇ ਬਤੌਰ ਡੈਮੌਨਸਟ੍ਰੇਟਰ ਸੇਵਾਵਾਂ ਨਿਭਾਅ ਰਿਹਾ ਹੈ। ਉਹ ਖੁਦ ਤਾਂ ਫਸਲੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਕਰਦਾ ਹੀ ਹੈ, ਬਲਕਿ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਕਿਸਾਨ ਪਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸ ਨੇ ਸਾਲ 2016 'ਚ ਫੈਸਲਾ ਕੀਤਾ ਸੀ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਵੇਗਾ। ਇਸ ਸਾਲ ਉਸ ਨੇ 22 ਏਕੜ ਰਕਬੇ 'ਚ ਕਣਕ ਦੀ ਬੀਜਾਈ ਝੋਨੇ ਦੇ ਖੜ੍ਹੇ ਕਰਚਿਆਂ 'ਚ ਹੈਪੀ ਸੀਡਰ ਅਤੇ ਰੋਟਾਵੇਟਰ ਮਸ਼ੀਨ ਨਾਲ ਕਰਵਾਈ ਹੈ ਅਤੇ ਉਸ ਨੂੰ ਪ੍ਰਤੀ ਏਕੜ ਔਸਤਨ ਝਾੜ 'ਚ ਲਗਭਗ 4-5 ਕੁਇੰਟਲ ਪ੍ਰਤੀ ਏਕੜ ਵਾਧੇ ਦੀ ਉਮੀਦ ਹੈ। ਉਸ ਨੇ ਦਾਅਵਾ ਕੀਤਾ ਕਿ ਇਸ ਤਕਨੀਕ ਨਾਲ ਉਸ ਦੇ ਖੇਤੀ ਖਰਚਿਆਂ ਵਿਚ ਵੀ ਕਮੀ ਆਈ ਹੈ। ਉਸ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬੀਜਾਈ ਕਰਨ ਤੋਂ ਪਹਿਲਾਂ ਉਸ ਦੇ ਖੇਤ 'ਚ ਕੱਲਰ ਦੀ ਮਾਤਰਾ ਬਹੁਤ ਜ਼ਿਆਦਾ ਸੀ ਪਰ ਕਣਕ ਦਾ ਨਾੜ ਅਤੇ ਪਰਾਲੀ ਖੇਤ 'ਚ ਵਾਹੁਣ ਕਰਕੇ ਖੇਤ ਵਿਚ ਜੈਵਿਕ ਮਾਦੇ ਦੀ ਮਾਤਰਾ ਵਧ ਰਹੀ ਹੈ।

ਉਸ ਨੇ ਦੱਸਿਆ ਕਿ ਉਸ ਕੋਲ ਤਕਰੀਬਨ 12 ਪਸ਼ੂ ਵੀ ਹਨ, ਜਿਨ੍ਹਾਂ ਦੇ ਗੋਬਰ ਤੋਂ ਤਿਆਰ ਰੂੜੀ ਖਾਦ ਉਸ ਵੱਲੋਂ ਖੇਤਾਂ 'ਚ ਵਰਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਪਾਮੇਤੀ ਵੱਲੋਂ ਯੂ. ਐੱਨ. ਈ. ਪੀ. (ਯੂਨਾਈਟਡ ਨੇਸ਼ਨ ਐਨਵਾਇਰਨਮੈਂਟ ਪ੍ਰੋਗਰਾਮ) ਦੀ ਮਦਦ ਨਾਲ ਚਲਾਏ ਪ੍ਰਾਜੈਕਟ ਅਧੀਨ ਉਹ ਮਾਰਚ 2018 ਤੋਂ ਬਤੌਰ ਡੈਮੋਨਸਟ੍ਰੇਟਰ ਜ਼ਿਲਾ ਸੰਗਰੂਰ ਦੇ ਤਿੰਨ ਪਿੰਡਾਂ ਕਨੋਈ, ਤੁੰਗਾ, ਉਪਲੀ ਵਿਚ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਯੋਗ ਪ੍ਰਬੰਧਨ ਲਈ ਜਾਗਰੂਕ ਕਰ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਲੋੜਵੰਦ ਕਿਸਾਨਾਂ ਨੂੰ ਹੈਪੀ ਸੀਡਰ, ਰੋਟਾਵੇਟਰ ਆਦਿ ਉਪਲੱਬਧ ਕਰਵਾਏ ਜਾਂਦੇ ਹਨ। ਉਸ ਨੇ ਦੱਸਿਆ ਕਿ ਇਸ ਸਾਲ ਪਿੰਡ ਉੱਪਲੀ ਵਿਚ ਲਗਭਗ 70 ਫੀਸਦੀ ਰਕਬੇ ਵਿਚ ਕਣਕ ਦੀ ਬੀਜਾਈ ਰੋਟਾਵੇਟਰ ਤੇ ਹੈਪੀ ਸੀਡਰ ਨਾਲ ਕਰਵਾਈ ਜਾ ਰਹੀ ਹੈ। ਪਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2018-19 ਦੌਰਾਨ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਚਲਾਈ 'ਕਰਾਪ ਰੈਜ਼ੇਡਿਊ ਮੈਨੇਜਮੈਂਟ' ਸਕੀਮ ਤਹਿਤ 11 ਮੈਂਬਰੀ ਸੰਘ ਖੇਤੀਬਾੜੀ ਸਵੈ ਸਹਾਇਤਾ ਗਰੁੱਪ ਪਿੰਡ ਖੇੜੀ ਵੱਲੋਂ ਖੇਤੀ ਮਸ਼ੀਨਰੀ 80 ਫੀਸਦੀ ਸਬਸਿਡੀ 'ਤੇ ਲਈ ਗਈ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਾਲੀ ਅਤੇ ਨਾੜ ਨੂੰ ਖੇਤਾਂ 'ਚ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਵਾਤਾਵਰਣ ਵੀ ਪਲੀਤ ਹੁੰਦਾ ਹੈ ਅਤੇ ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨ ਹੈਪੀ ਸੀਡਰ ਜਿਹੇ ਖੇਤੀ ਸੰਦਾਂ ਦੀ ਵਰਤੋਂ ਨਾਲ ਫਸਲੀ ਰਹਿੰਦ-ਖੂੰਹਦ ਦਾ ਢੁੱਕਵਾਂ ਨਿਬੇੜਾ ਕਰਨ।

ਪਰਵਿੰਦਰ ਜਿਹੇ ਨੌਜਵਾਨਾਂ ਤੋਂ ਸੇਧ ਲੈਣ ਜ਼ਿਲੇ ਦੇ ਕਿਸਾਨ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਪਰਵਿੰਦਰ ਸਿੰਘ ਅਗਾਂਹਵਧੂ ਕਿਸਾਨ ਹੋਣ ਦੇ ਨਾਲ-ਨਾਲ ਵਾਤਾਵਰਣ ਪ੍ਰੇਮੀ ਹੈ, ਜੋ ਇਲਾਕੇ ਦੇ ਹੋਰ ਨੌਜਵਾਨਾਂ ਅਤੇ ਕਿਸਾਨਾਂ ਲਈ ਮਿਸਾਲ ਹੈ। ਇਲਾਕੇ ਦੇ ਕਿਸਾਨ ਪਰਵਿੰਦਰ ਸਿੰਘ ਵਰਗੇ ਨੌਜਵਾਨਾਂ ਤੋਂ ਸੇਧ ਲੈਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਮਦਦ ਨਾਲ ਫਸਲੀ ਰਹਿੰਦ-ਖੂੰਹਦ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ।


author

cherry

Content Editor

Related News