ਸੰਗਰੂਰ ਤੋਂ ਕਾਂਗਰਸ ਦੀ ਹਾਰ ਚਿੰਤਾ ਦਾ ਵਿਸ਼ਾ, ਕੈਪਟਨ ਦੀਆਂ ਫੇਰੀਆਂ ਵੀ ਨਹੀਂ ਕਰ ਸਕੀਆਂ ਫੇਰਬਦਲ
Sunday, May 26, 2019 - 11:58 AM (IST)

ਸ਼ੇਰਪੁਰ (ਅਨੀਸ਼) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਦੂਸਰੀ ਵਾਰ ਲੋਕ ਸਭਾ ਚੋਣਾਂ ਜਿੱਤਕੇ ਸੰਗਰੂਰ ਸੀਟ ਤੇ ਇਤਿਹਾਸ ਸਿਰਜਿਆ ਹੈ , ਜੋ ਕਿ ਦੋਵੇ ਰਿਆਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਚਿੰਤਾਂ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਜੋਂ ਜਾਣੇ ਜਾਂਦੇ ਉਦਯੋਗਪਤੀ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਸੀ ਅਤੇ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ 'ਤੇ ਜ਼ੋਰ ਪਾ ਕੇ ਇਹ ਟਿਕਟ ਕੇਵਲ ਢਿੱਲੋਂ ਲਈ ਹਾਸਿਲ ਕੀਤੀ ਸੀ । ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਇਕ ਰੈਲੀ ਸੰਗਰੂਰ ਅਤੇ ਇਕ ਰੈਲੀ ਸੁਨਾਮ ਵਿਖੇ ਕਰ ਗਏ ਸਨ, ਪ੍ਰੰਤੂ ਕੇਵਲ ਸਿੰਘ ਢਿੱਲੋਂ 9 ਵਿਧਾਨ ਸਭਾ ਹਲਕਿਆਂ ਵਿਚ ਸਿਰਫ ਮਾਲੇਰਕੋਟਲਾ ਜਿੱਥੋਂ ਕੈਬਨਿਟ ਮੰਤਰੀ ਰਜੀਆਂ ਸੁਲਤਾਨਾਂ ਵਿਧਾਇਕ ਹਨ ਇਸ ਹਲਕੇ ਵਿਚੋਂ ਹੀ ਲੀਡ ਪ੍ਰਾਪਤ ਕਰ ਸਕੇ, ਜਦੋਂ ਕਿ 8 ਵਿਧਾਨ ਸਭਾ ਹਲਕਿਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਲੋਕ ਸਭਾ ਹਲਕਾ ਸੰਗਰੂਰ ਵਿਚ 9 ਵਿਧਾਨ ਸਭਾ ਹਲਕੇ , ਮਾਲੇਰਕੋਟਲਾ, ਧੂਰੀ, ਸੰਗਰੂਰ, ਦਿੜਬਾ, ਸੁਨਾਮ ਅਤੇ ਲਹਿਰਾਗਾਗਾ, ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਪੈਦੇ ਹਨ, ਜਿਨ੍ਹਾਂ ਵਿਚ ਸੰਗਰੂਰ, ਮਾਲੇਰਕੋਟਲਾ ਅਤੇ ਧੂਰੀ ਵਿਖੇ ਕਾਂਗਰਸ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਵਿੱਚੋਂ 2 ਕੈਬਨਿਟ ਮੰਤਰੀ ਹਨ, ਜਦੋਂ ਕਿ ਆਮ ਆਦਮੀ ਪਾਰਟੀ ਕੋਲ ਦਿੜਬਾ, ਸੁਨਾਮ , ਮਹਿਲ ਕਲਾਂ, ਬਰਨਾਲਾ ਤੇ ਭਦੌੜ ਹਲਕੇ ਹਨ। ਇਕ ਵਿਧਾਨ ਸਭਾ ਹਲਕਾ ਲਹਿਰਾਗਾਗਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ, ਜਿੱਥੋਂ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਚੋਣ ਮੈਦਾਨ ਵਿਚ ਸਨ ।
ਹਲਕਾ ਵਾਈਜ਼ ਵੋਟਾਂ ਦੀ ਸਥਿਤੀ
ਹਲਕਾ | ਕੇਵਲ ਸਿੰਘ ਢਿੱਲੋ | ਪਰਮਿੰਦਰ ਸਿੰਘ ਢੀਂਡਸਾ | ਭਗਵੰਤ ਮਾਨ |
ਸੰਗਰੂਰ | 33610 | 30785 | 52453 |
ਮਾਲੇਰਕੋਟਲਾ | 45037 | 23571 | 32561 |
ਸੁਨਾਮ | 34974 | 38303 | 57945 |
ਲਹਿਰਾਗਾਗਾ | 34101 | 44521 | 35592 |
ਬਰਨਾਲਾ | 36309 | 27220 | 41732 |
ਭਦੌੜ | 30849 | 23148 | 40988 |
ਮਹਿਲ ਕਲਾਂ | 32720 | 19699 | 40441 |
ਦਿੜਬਾ | 28654 | 31033 | 60849 |
ਧੂਰੀ | 26069 | 24216 | 50140 |
ਇੰਨਾਂ ਹਲਕਿਆਂ ਵਿਚ ਹੋਇਆ ਨੁਕਸਾਨ :
ਇਸ ਤਰਾਂ ਸੰਗਰੂਰ ਜਿੱਥੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਿਧਾਇਕ ਹਨ ਉਥੋ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਧੂਰੀ ਜਿੱਥੋਂ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਵਿਧਾਇਕ ਹਨ ਉਥੋਂ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਹੈ , ਇਸਤੋਂ ਇਲਾਵਾ ਦਿੜਬਾ ਹਲਕੇ ਵਿੱਚ ਜਿੱਥੇ ਅਮਰਗੜ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਜੋ ਪਹਿਲਾ ਦਿੜਬਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਉਥੋਂ ਵੀ ਨੁਕਸਾਨ ਹੋਇਆ ਹੈ । ਸਾਬਕਾ ਮੁੱਖ ਮੰਤਰੀ ਰਾਜਿੰਦਰ ਕੋਰ ਭੱਠਲ ਦੇ ਹਲਕੇ ਵਿੱਚੋਂ ਤਾਂ ਕਾਂਗਰਸ ਪਾਰਟੀ ਤੀਜੇ ਨੰਬਰ 'ਤੇ ਰਹੀ ਹੈ।
ਚਾਰੇ ਸਨ ਉਮੀਦਵਾਰਾਂ ਦੀ ਦੋੜ ਵਿਚ :
ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ , ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਫਰਜੰਦ ਜਸਵਿੰਦਰ ਸਿੰਘ ਧੀਮਾਨ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦੇ ਚਾਹਵਾਨ ਸਨ , ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਿੱਤਰ ਕੇਵਲ ਸਿੰਘ ਢਿੱਲੋਂ ਤੇ ਭਰੋਸਾ ਜਿਤਾਇਆ ਸੀ । ਇਸ ਤਰ੍ਹਾਂ ਇਨ੍ਹਾਂ ਸੀਨੀਅਰ ਕਾਂਗਰਸੀ ਆਗੂਆਂ ਦੇ ਹਲਕਿਆਂ ਵਿੱਚੋਂ ਵੋਟਾਂ ਘਟਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਾਂਗਰਸ ਪਾਰਟੀ ਦੀ ਧੜੇਬੰਦੀ ਪਈ ਭਾਰੂ :
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਰਨਾਲਾ ਤੋਂ ਚੋਣ ਹਾਰਨ ਵਾਲੇ ਕੇਵਲ ਸਿੰਘ ਢਿੱਲੋਂ ਲਈ ਹੁਣ ਲੋਕ ਸਭਾ ਚੋਣ ਹਾਰਨਾਂ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਹੋਣ ਕਰਕੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ , ਪ੍ਰੰਤੂ ਕਾਂਗਰਸ ਪਾਰਟੀ ਦੀ ਧੜੇਬੰਦੀ ਹੀ ਉਨ੍ਹਾਂ ਨੂੰ ਲੈ ਡੁੱਬੀ ਅਤੇ ਉਨ੍ਹਾਂ ਦਾ ਬਹੁਤਾ ਸਮਾਂ ਰੁੱਸਿਆਂ ਨੂੰ ਮਨਾਉਣ ਵਿਚ ਵੀ ਲੰਘ ਗਿਆ। ਇਸ ਤੋਂ ਇਲਾਵਾ ਲਹਿਰਾਗਾਗਾ ਵਿਖੇ ਹੋਇਆ ਥੱਪੜ ਕਾਂਢ ਅਤੇ ਇਕ ਦੋ ਹਲਕਾ ਇੰਚਾਰਜ਼ਾਂ ਦੇ ਖੁੱਲ ਕੇ ਚੱਲਣ ਤੋਂ ਇਲਾਵਾ ਕਿਸੇ ਵੀ ਆਗੂ ਨੇ ਖਾਸ ਕਰਕੇ ਅਖਰੀਲੇ ਦਿਨਾਂ ਵਿਚ ਕੋਈ ਚੋਣ ਸਰਗਰਮੀ ਨਹੀ ਦਿਖਾਈ , ਜਿਸ ਕਰਕੇ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਜੇਕਰ ਕਾਂਗਰਸ ਪਾਰਟੀ ਨੇ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਵਿਚ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਲਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਕਿਉਂਕਿ ਕਾਂਗਰਸ ਪਾਰਟੀ ਨੇ ਲੰਘੀਆਂ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ , ਪ੍ਰੰਤੂ ਆਪਣੇ ਜ਼ਿਲਾ ਪ੍ਰੀਸ਼ਦ , ਬਲਾਕ ਸੰਮਤੀ ਅਤੇ ਪੰਚਾਇਤਾਂ ਹੋਣ ਦੇ ਬਾਵਜੂਦ ਸੰਗਰੂਰ ਸੀਟ ਤੋਂ ਹੋਈ ਹਾਰ ਕਾਂਗਰਸੀ ਵਰਕਰਾਂ ਦੇ ਹਜਮ ਨਹੀਂ ਆ ਰਹੀ।