ਸਪਰੇਅ ਕਰਦੇ ਸਮੇਂ ਕਿਸਾਨ ਨੂੰ ਚੜ੍ਹੀ ਦਵਾਈ, ਮੌਤ
Sunday, Mar 31, 2019 - 04:59 PM (IST)

ਸਮਾਣਾ (ਦਰਦ) : ਸਬ-ਡਵੀਜ਼ਨ ਸਮਾਣਾ ਅਧੀਨ ਆਉਂਦੇ ਪਿੰਡ ਕਾਦਰਾਬਾਦ ਵਿਖੇ ਆਪਣੇ ਖੇਤਾਂ 'ਚ ਕੀਟਨਾਸ਼ਕ ਦਵਾਈ ਦਾ ਸਪਰੇਅ ਕਰਦੇ ਸਮੇਂ ਇਕ ਕਿਸਾਨ ਦੀ ਦਵਾਈ ਚੜ੍ਹਨ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਦਰ ਸਮਾਣਾ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਪਰਮਜੀਤ ਸਿੰਘ (60) ਪੁੱਤਰ ਰੂਪ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਅਨੁਸਾਰ ਉਸ ਦਾ ਪਿਤਾ ਖੇਤ 'ਚ ਹਰੇ ਚਾਰੇ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਗਿਆ ਸੀ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਪਰਤਿਆ ਤਾਂ ਖੇਤ ਜਾ ਕੇ ਵੇਖਿਆ ਕਿ ਉਸ ਦਾ ਪਿਤਾ ਜ਼ਮੀਨ 'ਤੇ ਡਿੱਗਾ ਪਿਆ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।