ਦੋਸਤ ਦੇ ਜਨਮਦਿਨ ਦੀ ਖ਼ੁਸ਼ੀ ਮਾਤਮ ''ਚ ਬਦਲੀ, ਅਭਿਸ਼ੇਕ ਨੂੰ ਮੋਰਨੀ ਖਿੱਚ ਕੇ ਲੈ ਗਈ ਮੌਤ
Thursday, Jan 29, 2026 - 02:19 PM (IST)
ਜ਼ੀਰਕਪੁਰ (ਧੀਮਾਨ) : ਮੋਰਨੀ ਨੇੜੇ ਮੰਗਲਵਾਰ ਦੇਰ ਰਾਤ ਵਾਪਰੇ ਦਰਦਨਾਕ ਹਾਦਸੇ ਨੇ ਹਰਮਿਲਾਪ ਨਗਰ ਕਾਲੋਨੀ ਨੂੰ ਸੋਗ ’ਚ ਡੁਬੋ ਦਿੱਤਾ। ਖਾਈ ’ਚ ਥਾਰ ਡਿੱਗਣ ਕਾਰਨ ਹਰਮਿਲਾਪ ਨਗਰ ਬਲਟਾਣਾ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਇਕ ਦੋਸਤ ਦੇ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਮੋਰਨੀ ਤੋਂ ਵਾਪਸ ਆ ਰਹੇ ਸਨ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਾਸੀ ਐੱਸ. ਸੀ. ਐੱਫ.-34 ਹਰਮਿਲਾਪ ਨਗਰ ਬਲਟਾਣਾ ਵਜੋਂ ਹੋਈ ਹੈ। ਅਭਿਸ਼ੇਕ ਦੇ ਪਿਤਾ ਦਾ ਕਾਲੋਨੀ ’ਚ ਹੀ ਮਹਾਵੀਰ ਢਾਬਾ ਹੈ ਅਤੇ ਢਾਬੇ ’ਤੇ ਹੀ ਪਰਿਵਾਰ ਦੀ ਰਿਹਾਇਸ਼ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਅਭਿਸ਼ੇਕ ਨੂੰ ਰਾਤ ਸਮੇਂ ਪਹਾੜੀ ਇਲਾਕੇ ਵੱਲ ਜਾਣ ਤੋਂ ਮਾਪਿਆਂ ਨੇ ਰੋਕਿਆ ਵੀ ਸੀ ਪਰ ਉਹ ਦੋਸਤ ਦੇ ਜਨਮਦਿਨ ਦੇ ਜਸ਼ਨ ਲਈ ਨਿਕਲ ਗਿਆ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਤ ਹੋਵੇਗਾ।
ਇੰਝ ਹੋਇਆ ਹਾਦਸਾ
ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਭਾਰੀ ਬਰਸਾਤ ਅਤੇ ਹਨ੍ਹੇਰੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਥਾਰ ਸੜਕ ਤੋਂ ਫਿਸਲ ਕੇ ਖਾਈ ’ਚ ਜਾ ਡਿੱਗੀ। ਹਾਦਸੇ ’ਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮਿਲੀ ਹੈ ਕਿ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਜ਼ਖ਼ਮੀ ਨੌਜਵਾਨ ਖਾਈ ’ਚ ਫਸੇ ਰਹੇ। ਹਨ੍ਹੇਰੇ ਤੇ ਲਗਾਤਾਰ ਬਰਸਾਤ ਕਾਰਨ ਤੁਰੰਤ ਕੋਈ ਮਦਦ ਨਹੀਂ ਮਿਲੀ। ਕਾਫ਼ੀ ਦੇਰ ਤੱਕ ਦਰਦ ਤੇ ਡਰ ਨਾਲ ਜੂਝਣ ਮਗਰੋਂ ਜ਼ਖ਼ਮੀ ਨੇ ਸਵੇਰੇ ਮੁਸ਼ਕਲ ਨਾਲ ਹਿੰਮਤ ਜੁਟਾ ਕੇ ਖਾਈ ਤੋਂ ਬਾਹਰ ਨਿਕਲ ਕੇ ਮੁੱਖ ਸੜਕ ਤੱਕ ਪਹੁੰਚ ਕੀਤੀ। ਉੱਥੇ ਉਸ ਨੇ ਲੰਘ ਰਹੀ ਬੱਸ ਚਾਲਕ ਨੂੰ ਸਾਰੇ ਹਾਦਸੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਸ ਅਫ਼ਸਰ ਹੈਲਪਲਾਈਨ 112 ਟੀਮ ਤੇ ਸਿਹਤ ਵਿਭਾਗ ਦੀ ਐਂਬੂਲੈਂਸ ਮੌਕੇ ’ਤੇ ਪਹੁੰਚੀ। ਰੈਸਕਿਊ ਟੀਮ ਨੇ ਖਾਈ ’ਚ ਉੱਤਰ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਨੂੰ ਪੰਚਕੂਲਾ ਦੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ’ਚ ਡਾਕਟਰਾਂ ਨੇ ਅਭਿਸ਼ੇਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫ਼ਰ ਕੀਤਾ ਗਿਆ। ਬਾਕੀ ਦੋ ਜ਼ਖ਼ਮੀਆਂ ਦਾ ਇਲਾਜ ਪੰਚਕੂਲਾ ਦੇ ਹਸਪਤਾਲ ’ਚ ਚੱਲ ਰਿਹਾ ਹੈ।
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਾਲੋਨੀ ’ਚ ਦੌੜੀ ਸੋਗ ਦੀ ਲਹਿਰ
ਬੇਟੇ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਰ ’ਚ ਵਿਰਲਾਪ ਤੇ ਮਾਤਮ ਦਾ ਮਾਹੌਲ ਬਣ ਗਿਆ। ਹਰਮਿਲਾਪ ਨਗਰ ਕਾਲੋਨੀ ’ਚ ਵੀ ਸੋਗ ਦੀ ਲਹਿਰ ਦੌੜ ਗਈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਜਿਵੇਂ ਕਾਲੋਨੀ ਨੂੰ ਨਜ਼ਰ ਲੱਗ ਗਈ ਹੋਵੇ। 25 ਜਨਵਰੀ ਨੂੰ ਕਾਲੋਨੀ ਦੇ ਦੋ ਬੱਚਿਆਂ ਸ਼ਿਵਮ ਤੇ ਆਰੁਸ਼ ਦੀ ਪਤੰਗ ਲੁੱਟਦੇ ਹੋਏ ਰੇਲ ਘਟਨਾ ’ਚ ਮੌਤ ਤੋਂ ਹਾਲੇ ਲੋਕ ਸੰਭਲੇ ਵੀ ਨਹੀਂ ਸਨ ਕਿ ਹੁਣ ਇਕ ਹੋਰ ਨੌਜਵਾਨ ਦੀ ਅਕਾਲ ਮੌਤ ਨੇ ਸਾਰਾ ਇਲਾਕਾ ਗ਼ਮ ’ਚ ਡੁਬੋ ਦਿੱਤਾ ਹੈ।
ਨੇਪਾਲ ’ਚ ਹੋਵੇਗਾ ਅੰਤਿਮ ਸਸਕਾਰ
ਪੁਲਸ ਅਫ਼ਸਰਾਂ ਵੱਲੋਂ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਤਿਮ ਸਸਕਾਰ ਲਈ ਨੇਪਾਲ ਲੈ ਕੇ ਜਾਇਆ ਜਾਵੇਗਾ। ਉਸ ਦੀ ਅਚਨਚੇਤ ਮੌਤ ਨੇ ਨਾ ਸਿਰਫ਼ ਇਕ ਪਰਿਵਾਰ ਦਾ ਸਹਾਰਾ ਖੋਹ ਲਿਆ, ਸਗੋਂ ਪੂਰੀ ਹਰਮਿਲਾਪ ਨਗਰ ਕਾਲੋਨੀ ਨੂੰ ਸੋਗ ਤੇ ਸਨਾਟੇ ’ਚ ਡੁੱਬਾ ਦਿੱਤਾ ਹੈ।
