ਪਟਿਆਲਾ ਰੈਲੀ ’ਚ ਭੀੜ ਇਕੱਠੀ ਕਰਨ ਲਈ ਮੰਗਵਾਈ ਸ਼ਰਾਬ ਬਰਾਮਦ, 3 ਅਕਾਲੀਅਾਂ ’ਤੇ ਕੇਸ ਦਰਜ

10/07/2018 11:29:54 PM

ਲਾਲੜੂ (ਗੁਰਪ੍ਰੀਤ)- ਹੰਡੇਸਰਾ ਸਰਕਲ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿਖੇ ਹੋਈ ਰੈਲੀ ਲਈ ਭੀੜ ਜੁਟਾਉਣ ਦੇ ਮੰਤਵ ਲਈ ਅਕਾਲੀ ਦਲ ਵਲੋਂ ਲਿਆਂਦੀਆਂ ਗਈਆਂ ਸ਼ਰਾਬ ਦੀਆਂ ਪੇਟੀਆਂ ਪੁਲਸ ਨੇ ਬਰਾਮਦ ਕੀਤੀਆਂ ਹਨ। ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਹੰਡੇਸਰਾ ਦੇ ਪ੍ਰਧਾਨ ਹੰਡੇਸਰਾ ਬ੍ਰਿਜੇਸ਼ ਰਾਣਾ ਅਤੇ ਸਾਬਕਾ ਸਰਕਲ ਪ੍ਰਧਾਨ ਓ. ਪੀ. ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਇਸ ਦੇ ਨਾਲ ਹੀ ਪਿੰਡ ਜੌਲਾ ਖੁਰਦ ਤੋਂ ਵੀ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜ਼ਿਲਾ ਪ੍ਰੀਸ਼ਦ ਦੀ ਚੋਣ ਲੜੇ ਆਗੂ ਪਰਮਿੰਦਰ ਸਿੰਘ ਉਰਫ ਗੁੱਡੂ ਵਾਸੀ ਜੌਲਾ ਖੁਰਦ ਦੇ ਟਿਕਾਣੇ ਤੋਂ ਵੀ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਸਾਰੇ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਿਕ ਹੰਡੇਸਰਾ 'ਚ ਇਕ ਦੁਕਾਨ ਵਿਚ ਰੱਖੀ ਗਈ ਨਾਜਾਇਜ਼ ਸ਼ਰਾਬ, ਜੋ ਕਥਿਤ ਤੌਰ 'ਤੇ ਪਟਿਆਲਾ ਰੈਲੀ ਲਈ ਵਰਤੀ ਜਾਣੀ ਸੀ, ਦੀ ਸੂਚਨਾ ਇਕ ਵੀਡੀਓ ਵਾਇਰਲ ਹੋਣ 'ਤੇ ਪੁਲਸ ਨੂੰ ਮਿਲੀ, ਜਿਸ ਦੇ ਆਧਾਰ 'ਤੇ ਪੁਲਸ ਨੇ ਉਕਤ ਦੁਕਾਨ ਵਿਚ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਦੀਆਂ ਦੋ ਪੇਟੀਆਂ ਬਰਾਮਦ ਕੀਤੀਆਂ। ਵਾਇਰਲ ਵੀਡੀਓ 'ਚ ਓ. ਪੀ. ਸ਼ਰਮਾ ਤੇ ਹੋਰ ਅਕਾਲੀ ਨੇਤਾ ਸ਼ਰਾਬ ਦੀਆਂ ਪੇਟੀਆਂ ਗੱਡੀ 'ਚੋਂ ਉਤਾਰਦੇ ਨਜ਼ਰ ਆ ਰਹੇ ਹਨ। ਫਿਲਹਾਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News