ਪਿਆਕੜਾਂ ਲਈ ਖ਼ਾਸ ਖ਼ਬਰ, ਖੁੱਲ੍ਹ ਗਏ ਨਵੇਂ ਸ਼ਰਾਬ ਦੇ ਠੇਕੇ, ਰੇਹੜੀਆਂ ’ਤੇ ਸ਼ਰਾਬ ਪਿਲਾਉਣ ਦੀ ਦਿੱਤੀ ਪਰਮਿਸ਼ਨ
Thursday, May 09, 2024 - 06:52 PM (IST)
ਜਲੰਧਰ (ਰਮਨ)–ਪੁਲਸ ਦੀ ਮਿਲੀਭੁਗਤ ਨਾਲ ਸ਼ਹਿਰ ਦੇ ਹਰ ਇਲਾਕੇ, ਚੌਂਕ-ਚੌਰਾਹੇ ਵਿਚ ਬਣੇ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਨਾਲ-ਨਾਲ ਹੁਣ ਹਰ ਰੇਹੜੀ ’ਤੇ ਵੀ ਨਾਜਾਇਜ਼ ਸ਼ਰਾਬ ਪਿਲਾਈ ਜਾ ਰਹੀ ਹੈ। ਕਿਸ ਦੀ ਪਰਮਿਸ਼ਨ ਨਾਲ ਨਾਜਾਇਜ਼ ਸ਼ਰਾਬ ਪਿਲਾਈ ਜਾ ਰਹੀ ਹੈ, ਇਹ ਰੇਹੜੀ ਵਾਲਾ ਜਾਣਦਾ ਹੈ ਜਾਂ ਸ਼ਰਾਬ ਦੇ ਠੇਕੇ ਵਾਲੇ। ਸਾਰੀ ਖੇਡ ਪੁਲਸ ਪ੍ਰਸ਼ਾਸਨ ਦੇ ਰਹਿਮੋਕਰਮ ਨਾਲ ਚੱਲ ਰਹੀ ਹੈ, ਜਿਸ ਦਾ ਹਿੱਸਾ ਵੀ ਉਨ੍ਹਾਂ ਨੂੰ ਮਿਲ ਰਿਹਾ ਹੈ। ਪੁਲਸ ਪ੍ਰਸ਼ਾਸਨ ਸਿਰਫ਼ ਪਿੰਕ ਐਂਡ ਚੂਜ਼ ਦੀ ਨੀਤੀ ਨਾਲ ਕੰਮ ਕਰ ਰਿਹਾ ਹੈ, ਜਿਸ ਨਾਲ ਉਸ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।
ਹੈਰਾਨੀਜਨਕ ਹੈ ਕਿ ਹੁਣ ਹਰ ਇਲਾਕੇ ਵਿਚ ਨਵੇਂ ਸ਼ਰਾਬ ਦੇ ਠੇਕੇ ਅਲਾਟ ਕੀਤੇ ਗਏ ਹਨ, ਜਿਥੇ ਅਹਾਤੇ ਵਿਚ ਸ਼ਰਾਬ ਪਿਲਾਉਣ ਦੀ ਮਨਜ਼ੂਰੀ ਹੁੰਦੀ ਹੈ ਪਰ ਕਈ ਇਲਾਕਿਆਂ ਵਿਚ ਸ਼ਰਾਬ ਦੇ ਠੇਕਿਆਂ ਨਾਲ ਅਹਾਤੇ ਖੁੱਲ੍ਹੇ ਹੀ ਨਹੀਂ, ਉਲਟਾ ਨਾਲ ਲੱਗਦੀ ਰੇਹੜੀ, ਢਾਬੇ, ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਪੈਸੇ ਲੈ ਕੇ ਸ਼ਰੇਆਮ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ’ਤੇ ਪੁਲਸ ਵਿਭਾਗ ਮਿਹਰਬਾਨ ਕਿਉਂ ਹੈ?
ਇਹ ਵੀ ਪੜ੍ਹੋ- ਵੱਡੀ ਖ਼ਬਰ: 3 ਜ਼ਿਲ੍ਹਿਆਂ ’ਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਪਹੁੰਚੀਆਂ, ਲੱਗਣਗੇ ਹਾਈਟੈੱਕ ਨਾਕੇ
ਕਮਿਸ਼ਨਰੇਟ ਪੁਲਸ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ਦੇ ਮੇਨ ਚੌਕਾਂ ’ਤੇ ਖੁੱਲ੍ਹੇਆਮ ਪਿਲਾਈ ਜਾ ਰਹੀ ਹੈ ਸ਼ਰਾਬ
ਕਮਿਸ਼ਨਰੇਟ ਪੁਲਸ ਦੀ ਸਖ਼ਤੀ ਦੇ ਬਾਵਜੂਦ ਆਲਮ ਇਹ ਹੈ ਕਿ ਸ਼ਹਿਰ ਦੇ ਹਰ ਮੇਨ ਚੌਂਕ ’ਤੇ ਲੱਗੀ ਰੇਹੜੀ ਵਾਲੇ ਸ਼ਰੇਆਮ ਸ਼ਰਾਬ ਪਿਲਾ ਰਹੇ ਹਨ। ਉਨ੍ਹਾਂ ਓਪਨ ਬਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਥਾਣਾ ਮੁਖੀਆਂ ਅਤੇ ਹੋਰ ਅਧਿਕਾਰੀਆਂ ਨੂੰ ਜਾਰੀ ਹੁਕਮਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਸੂਰਜ ਢਲਦੇ ਹੀ ਸ਼ਰਾਬ ਪੀਣ ਅਤੇ ਪਿਲਾਉਣ ਵਾਲੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਸ਼ਰੇਆਮ ਸ਼ਰਾਬ ਪਿਲਾਉਣ ਨਾਲ ਹਰ ਰੋਜ਼ ਲੜਾਈ-ਝਗੜੇ ਅਤੇ ਲੁੱਟਖੋਹ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ।
ਭਗਤ ਸਿੰਘ ਚੌਂਕ, ਰੇਲਵੇ ਰੋਡ, ਮੰਡੀ ਰੋਡ, ਸਟੇਸ਼ਨ ਰੋਡ, ਲੰਮਾ ਪਿੰਡ ਚੌਂਕ ਦੀਆਂ ਦੋਵੇਂ ਪਾਸੇ ਦੀਆਂ ਸੜਕਾਂ ਜਿਨ੍ਹਾਂ ਨੂੰ 2 ਵੱਖ-ਵੱਖ ਥਾਣੇ ਲੱਗਦੇ ਹਨ, ਜਿਨ੍ਹਾਂ ਦੇ ਚਾਰੋਂ ਪਾਸੇ ਰੇਹੜੀ ਵਾਲੇ, ਮੀਟ ਵੇਚਣ ਵਾਲੇ, ਬਰਗਰ-ਮੋਮੋਜ਼ ਵੇਚਣ ਵਾਲੇ ਸ਼ਰੇਆਮ ਦੇਰ ਰਾਤ ਤਕ ਸ਼ਰਾਬ ਪਿਲਾਉਂਦੇ ਵਿਖਾਈ ਦਿੰਦੇ ਹਨ। ਪਟੇਲ ਚੌਂਕ ਜਿੱਥੇ ਥਾਣਾ ਨੰਬਰ 2, ਸੀ. ਆਈ. ਏ. ਸਟਾਫ਼ ਦੇ ਕਈ ਥਾਣੇ ਹਨ, ਉਥੇ ਸਭ ਤੋਂ ਜ਼ਿਆਦਾ ਸ਼ਰਾਬ ਪਿਲਾਈ ਜਾਂਦੀ ਹੈ। ਪਠਾਨਕੋਟ ਚੌਂਕ, ਚੁੰਗੀ ਰੋਡ, ਕਿਸ਼ਨਪੁਰਾ ਚੌਂਕ, ਸੂਰਿਆ ਐਨਕਲੇਵ ਰੋਡ, ਮੱਛੀ ਮਾਰਕੀਟ ਆਦਿ ਸ਼ਰਾਬ ਪਿਲਾਉਣ ਦਾ ਗੜ੍ਹ ਮੰਨੇ ਜਾਂਦੇ ਹਨ। ਸਟੇਸ਼ਨ ਰੋਡ ਤੋਂ ਅੱਗੇ ਵਾਲਾ ਚੌਂਕ ਜਿਸ ਦੇ ਚਾਰੋਂ ਪਾਸੇ ਪੈੱਗ ਲਗਾਉਣ ਦੇ ਸ਼ੌਕੀਨਾਂ ਵੱਲੋਂ ਸਜਾਈਆਂ ਜਾਂਦੀਆਂ ਮਹਿਫਿਲਾਂ ਕਾਨੂੰਨ ਵਿਵਸਥਾ ਲਈ ਬੇਹੱਦ ਖ਼ਤਰਨਾਕ ਹਨ।
ਹੋਰ ਇਲਾਕਿਆਂ ਵਿਚ ਵੀ ਓਪਨ ਬਾਰ ਪੁਲਸ ਅਤੇ ਕਾਨੂੰਨ ਨੂੰ ਠੇਂਗਾ ਦਿਖਾਉਂਦੇ ਨਜ਼ਰ ਆਉਂਦੇ ਹਨ। ਉਥੇ ਹੀ ਦੁਕਾਨਦਾਰਾਂ ਤੋਂ ਇਲਾਵਾ ਲੋਕ ਦੱਸਦੇ ਹਨ ਕਿ ਉਕਤ ਚੌਕਾਂ ’ਤੇ ਨਾਨ-ਵੈੱਜ ਅਤੇ ਵੈੱਜ ਵੇਚਣ ਵਾਲੀਆਂ ਦੁਕਾਨਾਂ ’ਤੇ ਸ਼ਰਾਬ ਦੇ ਠੇਕੇਦਾਰ ਉਨ੍ਹਾਂ ਤੋਂ ਰੋਜ਼ਾਨਾ ਫ਼ੀਸ ਵਸੂਲਦੇ ਹਨ, ਜਿਸ ਦੀ ਇਵਜ਼ ਵਿਚ ਸ਼ਰਾਬ ਪਿਲਾਈ ਜਾਂਦੀ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਸ਼ਰੇਆਮ ਰੇਹੜੀਆਂ ’ਤੇ ਸ਼ਰਾਬ ਪਿਲਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਦੁਬਈ 'ਚ ਕਤਲ ਹੋਏ ਜਲੰਧਰ ਦੇ ਨੌਜਵਾਨ ਦਾ ਪਰਿਵਾਰ ਆਇਆ ਸਾਹਮਣੇ, ਰੋਂਦੀ ਮਾਂ ਬੋਲੀ, ਖ਼ੂਨ ਦੇ ਬਦਲੇ ਚਾਹੀਦਾ ਖ਼ੂਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8