ਦੋਸ਼ੀਆਂ ਖਿਲਾਫ ਕਾਰਵਾਈ ਲਈ ਅਕਾਲੀ-ਭਾਜਪਾ ਆਗੂ ਐੱਸ. ਐੱਸ. ਪੀ. ਨੂੰ ਮਿਲੇ
Wednesday, Aug 02, 2017 - 10:52 AM (IST)
ਸ੍ਰੀ ਮੁਕਤਸਰ ਸਾਹਿਬ(ਖੁਰਾਣਾ) - ਆਜ਼ਾਦੀ ਘੁਲਾਟੀਏ ਲਾਭ ਸਿੰਘ ਦੇ ਪੋਤਰੇ ਜਗਰੂਪ ਸਿੰਘ 'ਤੇ ਥਾਣਾ ਕੋਟਭਾਈ ਦੀ ਪੁਲਸ ਵੱਲੋਂ ਅੰਨ੍ਹਾ ਤਸ਼ੱਦਦ ਕੀਤੇ ਜਾਣ 'ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਅਕਾਲੀ-ਭਾਜਪਾ ਆਗੂਆਂ ਨੇ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੂੰ ਮਿਲ ਕੇ ਮੰਗ ਕੀਤੀ ਕਿ ਜਗਰੂਪ ਸਿੰਘ 'ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਅਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ, ਮੁਕਤਸਰ ਦੇ ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਵਣਵਾਲਾ, ਨਵਤੇਜ ਸਿੰਘ ਕਾਉਣੀ, ਜਥੇਦਾਰ ਹੀਰਾ ਸਿੰਘ, ਐਡਵੋਕੇਟ ਮਾਨ, ਨਗਰ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ, ਬੀ. ਜੇ. ਪੀ. ਦੇ ਜ਼ਿਲਾ ਪ੍ਰਧਾਨ ਗੋਰਾ ਪਠੇਲਾ, ਮੰਡਲ ਪ੍ਰਧਾਨ ਸੰਦੀਪ ਗਿਰਧਰ, ਰਵਿੰਦਰ ਕਟਾਰੀਆ ਆਦਿ ਆਗੂਆਂ ਨੇ ਜ਼ਿਲਾ ਪੁਲਸ ਮੁਖੀ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦਾ ਵਿਧਾਇਕ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ, ਜਿਸ ਕਾਰਨ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਨੇ ਪੁਲਸ ਪਾਰਟੀ ਨਾਲ ਜਗਰੂਪ ਸਿੰਘ 'ਤੇ ਅਣਮਨੁੱਖੀ ਤਸ਼ੱਦਦ ਕੀਤਾ ਹੈ, ਜੇਕਰ ਜਲਦ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ 4 ਅਗਸਤ ਨੂੰ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਜ਼ਿਲਾ ਪੁਲਸ ਮੁਖੀ ਨੇ ਅਕਾਲੀ-ਭਾਜਪਾ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
