ਪੰਜਾਬ ਕੇਸਰੀ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ ਨਿੰਦਣਯੋਗ : ਐਚ. ਐੱਸ. ਵਾਲੀਆ
Sunday, Jan 18, 2026 - 06:00 PM (IST)
ਵੈੱਬ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਐਚ. ਐੱਸ. ਵਾਲੀਆ ਨੇ ਪੰਜਾਬ ਸਰਕਾਰ ਵੱਲੋਂ 'ਪੰਜਾਬ ਕੇਸਰੀ' ਅਖਬਾਰੀ ਸਮੂਹ (ਪੰਜਾਬ ਕੇਸਰੀ, ਜਗਬਾਣੀ ਅਤੇ ਹਿੰਦ ਸਮਾਚਾਰ) ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਲਵਿੰਦਰ ਸਿੰਘ ਸਿੱਧੂ, ਪੀ.ਏ.ਸੀ. ਮੈਂਬਰ ਅਜੇ ਬੱਬਲਾ ਅਤੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਸ਼ੰਮੀ ਦੀ ਹਾਜ਼ਰੀ ਵਿੱਚ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ।
ਇਸ ਸਬੰਧੀ ਵਾਲੀਆ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਵਿੱਚ ਰਹਿ ਰਹੇ ਹਾਂ ਅਤੇ ਪ੍ਰੈੱਸ ਤੇ ਮੀਡੀਆ ਇਸ ਲੋਕਤੰਤਰ ਦਾ ਸਭ ਤੋਂ ਮਜ਼ਬੂਤ ਥੰਮ੍ਹ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਇਸ ਥੰਮ੍ਹ ਨੂੰ ਢਾਹ ਕੇ ਸੱਚੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਅਨੁਸਾਰ ਪੰਜਾਬ ਕੇਸਰੀ ਇੱਕ ਅਜਿਹਾ ਅਦਾਰਾ ਹੈ ਜਿਸ 'ਤੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ ਦੇ ਲੋਕ ਸਭ ਤੋਂ ਵੱਧ ਵਿਸ਼ਵਾਸ ਕਰਦੇ ਹਨ ਕਿਉਂਕਿ ਇਹ ਹਰ ਗੱਲ ਦੀ ਤਹਿ ਤੱਕ ਜਾ ਕੇ ਸੱਚ ਲਿਖਦੇ ਹਨ।
ਇਸ ਮੌਕੇ ਅਕਾਲੀ ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਜਲੰਧਰ ਸਥਿਤ ਪਾਰਕ ਪਲਾਜ਼ਾ ਹੋਟਲ 'ਤੇ ਕਦੀ ਐਕਸਾਈਜ਼ ਵਿਭਾਗ, ਕਦੀ ਪ੍ਰਦੂਸ਼ਣ ਵਿਭਾਗ ਅਤੇ ਕਦੀ ਹੋਰ ਸਰਕਾਰੀ ਵਿਭਾਗਾਂ ਰਾਹੀਂ ਰੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਰੇਡਾਂ ਦਾ ਇੱਕੋ-ਇੱਕ ਮਕਸਦ ਅਦਾਰੇ ਨੂੰ ਡਰਾਉਣਾ ਹੈ ਤਾਂ ਜੋ ਉਹ ਸਰਕਾਰ ਦੇ ਮੁਤਾਬਕ ਖ਼ਬਰਾਂ ਲਿਖਣ।
ਇਸ ਦੌਰਾਨ ਐਚ. ਐੱਸ. ਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਹੀ ਇੱਕ ਉਦਾਹਰਨ ਰਾਹੀਂ ਚਿਤਾਵਨੀ ਦਿੰਦਿਆਂ ਕਿਹਾ ਕਿ "ਅੱਤ ਦਾ ਅੰਤ" ਹੋਣ ਵਿੱਚ ਦੇਰ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਲਤ ਥਾਂ ਪੰਗਾ ਲੈ ਲਿਆ ਹੈ ਕਿਉਂਕਿ ਸਮੁੱਚੀ ਦੁਨੀਆ ਅੱਜ ਅਦਾਰੇ ਦੇ ਨਾਲ ਖੜ੍ਹੀ ਹੈ।ਜ਼ਿਲ੍ਹਾ ਕਪੂਰਥਲਾ ਦੀ ਸਮੁੱਚੀ ਅਕਾਲੀ ਦਲ ਦੀ ਟੀਮ ਨੇ ਐਲਾਨ ਕੀਤਾ ਕਿ ਉਹ ਇਸ ਸੱਚਾਈ ਦੀ ਲੜਾਈ ਵਿੱਚ ਪੰਜਾਬ ਕੇਸਰੀ ਅਤੇ ਜਗਬਾਣੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਦਾਰਾ ਸੱਚ ਲਿਖਦਾ ਰਹੇ ਅਤੇ ਅਕਾਲੀ ਦਲ ਹਰ ਮੋੜ 'ਤੇ ਉਨ੍ਹਾਂ ਦਾ ਸਾਥ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
