ਐੱਸ. ਡੀ. ਐੱਮ. ਵੱਲੋਂ ਸਰਕਾਰੀ ਸਕੂਲ ਦਾ ਅਚਾਨਕ ਨਿਰੀਖਣ

12/22/2017 5:58:22 AM

ਸੁਲਤਾਨਪੁਰ ਲੋਧੀ, (ਧੀਰ)- ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਸੰਬੰਧੀ ਤੇ ਹੋਰ ਕੰਮਾਂ 'ਚ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਾਨਕ ਨਿਰੀਖਣ ਕੀਤਾ ਤੇ ਸੰਬੰਧਿਤ ਸ਼ਿਕਾਇਤ ਸੰਬੰਧੀ ਮੌਕੇ 'ਤੇ ਹੀ ਨਿਰਦੇਸ਼ ਜਾਰੀ ਕੀਤੇ। ਇਸ ਸੰਬੰਧ 'ਚ ਉਨ੍ਹਾਂ ਪਿੰਡ ਡਡਵਿੰਡੀ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਸਰਕਾਰੀ ਸੀ. ਸੈਕੰਡਰੀ ਸਕੂਲ 'ਚ ਸਭ ਤੋਂ ਪਹਿਲਾਂ ਅਧਿਆਪਕਾਂ ਦੀ ਹਾਜ਼ਰੀ ਰਜਿਸਟਰ ਚੈੱਕ ਕੀਤਾ। ਉਪਰੰਤ ਐੱਸ. ਡੀ. ਐੱਮ. ਨੇ ਸਵੱਛ ਪੀਣ ਵਾਲਾ ਪਾਣੀ, ਬਾਥਰੂਮਾਂ ਦੀ ਵਿਵਸਥਾ ਦੀ ਵੀ ਜਾਂਚ ਕੀਤੀ। ਇਸ ਮੌਕੇ ਡਾ. ਚਾਰੂਮਿਤਾ ਨੇ ਬੱਚਿਆਂ ਤੋਂ ਅੰਗਰੇਜ਼ੀ ਵਿਸ਼ੇ ਦੇ ਬਾਰੇ ਤੇ ਸਾਇੰਸ ਦੇ ਸੰਬੰਧੀ ਸਵਾਲ ਵੀ ਪੁੱਛੇ, ਜਿਸ ਦਾ ਜਵਾਬ ਕੁਝ ਵਿਦਿਆਰਥੀਆਂ ਨੇ ਠੀਕ ਦਿੱਤਾ ਤੇ ਕੁਝ ਨੇ ਗਲਤ। ਇਸ 'ਤੇ ਉਨ੍ਹਾਂ ਬੱਚਿਆਂ ਨੂੰ ਪੂਰੇ ਮਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਤੇ ਕਿਹਾ ਕਿ ਅੱਜ ਜੋ ਤੁਸੀਂ ਇਸ ਸਕੂਲ 'ਚੋਂ ਸਿੱਖ ਕੇ ਜਾਵੋਗੇ ਉਹੀ ਤੁਹਾਡੇ ਜੀਵਨ 'ਚ ਅੱਗੇ ਕੰਮ ਆਵੇਗਾ। ਆਪਣੇ ਅਧਿਆਪਕ ਤੇ ਮਾਤਾ-ਪਿਤਾ ਦਾ ਪੂਰਾ ਸਤਿਕਾਰ ਕਰੋ ਤੇ ਉਨ੍ਹਾਂ ਪਾਸੋਂ ਆਪਣੇ ਜੀਵਨ 'ਚ ਹੋਰ ਮੰਜ਼ਿਲਾ ਤਕ ਪਹੁੰਚਣ ਵਾਸਤੇ ਉਨ੍ਹਾਂ ਵਲੋਂ ਸਿਖਲਾਈ ਗਈ ਸਿੱਖਿਆ ਤੇ ਅਮਨ ਕਰੋ। ਉਨ੍ਹਾਂ ਕਿਹਾ ਸਰਕਾਰ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਤੇ ਇਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ। 
ਇਸ ਤੋਂ ਬਾਅਦ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਸਕੂਲ ਦੇ ਮਿਡ-ਡੇ ਮੀਲ ਦੀ ਵੀ ਜਾਂਚ ਕੀਤੀ ਤੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਕੀਤੀਆਂ ਪ੍ਰੀ-ਨਰਸਰੀ ਕਲਾਸਾਂ ਦੀ ਵੀ ਸਮੀਖਿਆ ਕੀਤੀ। ਐਲੀਮੈਂਟਰੀ ਸਕੂਲ ਦੇ ਮੁੱਖ ਅਧਿਆਪਕ ਜੋਗਿੰਦਰ ਸਿੰਘ ਨੇ ਦਸਿਆ ਕਿ ਸਕੂਲ 'ਚ ਪ੍ਰੀ ਨਰਸਰੀ ਕਲਾਸਾਂ ਤਾਂ ਸ਼ੁਰੂ ਕਰ ਦਿੱਤੀਆਂ ਹਨ ਪ੍ਰੰਤੂ ਹਾਲੇ ਤਕ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਬਾਰੇ ਪੂਰਾ ਸਟਾਫ ਨਹੀਂ ਹੈ। ਐੱਸ. ਡੀ. ਐੱਮ. ਨੇ ਕਿਹਾ ਕਿ ਉਹ ਇਸ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰਨਗੇ ਤੇ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰਨ ਵਾਲੇ ਮੇਧਾਵੀ ਵਿਦਿਆਰਥੀ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ ਵੀ ਹਾਜ਼ਰ ਸਨ। 


Related News