ਕਾਲੇ ਪਾਣੀ ਦੀ ਸਜ਼ਾ ਤੋਂ ਬਦਤਰ ''ਕੀਵ'' ''ਚ ਭਾਰਤੀਆਂ ਦੇ ਹਾਲਾਤ, 10 ਕਿਲੋਮੀਟਰ ਦੂਰੋਂ ਮਿਲ ਰਿਹੈ ਪੀਣ ਵਾਲਾ ਪਾਣੀ

Tuesday, Mar 01, 2022 - 11:55 AM (IST)

ਜਲੰਧਰ (ਪੁਨੀਤ) : ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਪਲ-ਪਲ ਗੁਜ਼ਾਰਨਾ ਭਾਰੀ ਪੈ ਰਿਹਾ ਹੈ। ਕਈ ਇਲਾਕੇ ਧਮਾਕਿਆਂ ਨਾਲ ਕੰਬ ਚੁੱਕੇ ਹਨ। ਭਾਰਤੀ ਵਿਦਿਆਰਥੀਆਂ ਕੋਲ ਖਾਣ-ਪੀਣ ਦਾ ਸਾਮਾਨ ਖ਼ਤਮ ਹੋ ਚੁੱਕਾ ਹੈ ਅਤੇ ਉੱਥੇ ਆਲੇ-ਦੁਆਲੇ ਗ੍ਰੋਸਰੀ ਸਟੋਰ ਬੰਦ ਪਏ ਹਨ। ਆਲਮ ਇਹ ਹੈ ਕਿ ਵਿਦਿਆਰਥੀ ਦੂਜੇ ਦੇਸ਼ਾਂ ਦੇ ਬਾਰਡਰ ਤੱਕ ਜਾਣ ਲਈ ਕੀਵ ਵਿਚੋਂ ਬਾਹਰ ਨਿਕਲ ਵੀ ਨਹੀਂ ਪਾ ਰਹੇ। ਕੀਵ ਵਿਚ ਮੌਜੂਦ ਭਾਰਤੀ ਵਿਦਿਆਰਥੀ ਦੱਸਦੇ ਹਨ ਕਿ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਮਹਿੰਗੇ ਭਾਅ ਖਾਣ-ਪੀਣ ਦਾ ਸਮਾਨ ਲੈ ਕੇ ਰੱਖ ਲਿਆ ਸੀ, ਜਿਹੜਾ ਕਿ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਕੋਲ ਇਸ ਸਮੇਂ ਪੀਣ ਲਈ ਪਾਣੀ, ਖਾਣ ਲਈ ਬ੍ਰੈੱਡ, ਬਿਸਕੁਟ ਆਦਿ ਵੀ ਨਹੀਂ ਬਚੇ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਦਰਦਨਾਕ ਮੌਤ

ਕੀਵ ਤੋਂ 10 ਕਿਲੋਮੀਟਰ ਦੂਰ ਪਾਣੀ ਦੀ ਉਪਲੱਬਧਤਾ ਦੱਸੀ ਜਾ ਰਹੀ ਹੈ ਪਰ ਉੱਥੇ ਜਾਣਾ ਬਹੁਤ ਮੁਸ਼ਕਲ ਹੈ। ਕੁੱਝ ਲੋਕ ਪਾਬੰਦੀ ਦੇ ਬਾਵਜੂਦ 2000 ਰੁਪਏ 'ਚ ਕੈਬ ਆਦਿ ਕਰ ਕੇ ਖਾਣ ਦਾ ਸਮਾਨ ਅਤੇ ਪਾਣੀ ਲੈ ਕੇ ਆਏ ਹਨ। ਦੁਕਾਨਦਾਰ ਪਾਣੀ ਦੀ ਬੋਤਲ ਮਹਿੰਗੇ ਭਾਅ 200 ਤੋਂ 300 ਰੁਪਏ ਵਿਚ ਦੇ ਰਹੇ ਹਨ। ਕਈ ਵਿਦਿਆਰਥੀਆਂ ਕੋਲ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਹੋਰ ਵੀ ਤੰਗੀ ਝੱਲਣੀ ਪੈ ਰਹੀ ਹੈ। ਏ. ਟੀ. ਐੱਮ. ਤੇ ਬੈਂਕ ਬੰਦ ਪਏ ਹਨ, ਜਿਸ ਕਾਰਨ ਕੈਸ਼ ਕਢਵਾ ਪਾਉਣਾ ਵੀ ਸੰਭਵ ਨਹੀਂ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇੱਥੋਂ ਦੇ ਹਾਲਾਤ ਕਾਲੇ ਪਾਣੀ ਦੀ ਸਜ਼ਾ ਤੋਂ ਬਦਤਰ ਹੋ ਚੁੱਕੇ ਹਨ। ਗੋਲੀਬਾਰੀ ਕਦੋਂ ਸ਼ੁਰੂ ਹੋ ਜਾਵੇ, ਕੁੱਝ ਨਹੀਂ ਕਿਹਾ ਜਾ ਸਕਦਾ, ਜਿਸ ਕਾਰਨ ਬਾਹਰ ਨਿਕਲਣ ਤੋਂ ਵੀ ਡਰ ਲੱਗਦਾ ਹੈ। ਉੱਥੋਂ ਦੇ ਨਾਗਰਿਕ ਰਿਸਕ ਲੈ ਕੇ ਜਾਣ ਦੀ ਕੋਸ਼ਿਸ਼ ਤਾਂ ਕਰਦੇ ਹਨ। ਕੁੱਝ ਉਥੋਂ ਨਿਕਲਣ ਵਿਚ ਸਫ਼ਲ ਵੀ ਹੋਏ ਹਨ। ਬੀਤੇ ਦਿਨੀਂ ਜਿਹੜੇ ਲੋਕ ਇੱਥੋਂ ਗਏ ਸਨ, ਉਨ੍ਹਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਜੇਲ੍ਹ ’ਚ ਗੁਰਬਾਣੀ ਦਾ ਪਾਠ ਕਰ ਰਹੇ 'ਮਜੀਠੀਆ', ਪੜ੍ਹ ਰਹੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ

ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪਾਣੀ ਦੇ ਸਮਾਂ ਬਿਤਾਉਣਾ ਬਹੁਤ ਮੁਸ਼ਕਲ ਹੈ। ਕਈ ਵਿਦਿਆਰਥੀਆਂ ਦੀ ਤਬੀਅਤ ਖ਼ਰਾਬ ਹੋ ਰਹੀ ਹੈ ਪਰ ਉਨ੍ਹਾਂ ਕੋਲ ਦਵਾਈਆਂ ਹੀ ਮੁਹੱਈਆ ਨਹੀਂ ਹਨ। ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸੇ ਨੇ ਉਨ੍ਹਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੇ ਆਮ ਜਨਤਾ ਨੂੰ ਯੂਕ੍ਰੇਨ ਨੇ ਹਥਿਆਰ ਫੜ੍ਹਾ ਦਿੱਤੇ ਹਨ, ਜਿਸ ਕਾਰਨ ਉਹ ਵੀ ਹਥਿਆਰਾਂ ਦੇ ਦਮ ’ਤੇ ਖ਼ੁਦ ਨੂੰ ਡਾਨ ਸਮਝ ਰਹੇ ਹਨ ਅਤੇ ਮਨਮਰਜ਼ੀ ਕਰ ਰਹੇ ਹਨ। ਕਈ ਦੁਕਾਨਾਂ ਲੁੱਟੀਆਂ ਜਾ ਚੁੱਕੀਆਂ ਹਨ। ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਟੈਂਕਰਾਂ ਜ਼ਰੀਏ ਗੱਡੀਆਂ ਨੂੰ ਕੁਚਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਹ ਅੰਬੈਸੀ ਤੱਕ ਵੀ ਪਹੁੰਚ ਨਹੀਂ ਕਰ ਪਾ ਰਹੇ। ਇਸ ਸੰਕਟ ਦੀ ਘੜੀ ’ਚ ਕੀਵ ਵਿਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਇਸ ਦੇ ਲਈ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਵਿਦਿਆਰਥੀਆਂ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਉੱਥੇ ਮੌਜੂਦ ਵਿਦਿਆਰਥੀ ਦੱਸਦੇ ਹਨ ਕਿ ਯੂਕ੍ਰੇਨ ਵੱਲੋਂ ਆਪਣੇ ਨਾਗਰਿਕਾਂ ਦੀਆਂ ਰੱਖਿਆ ਕਰਨ ਪ੍ਰਤੀ ਵੀ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ। ਭਾਰਤੀ ਲੋਕਾਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News