ਨਿਯਮ-ਕਾਇਦੇ ਸਭ ਬੇਕਾਰ, ਖੁੱਲ੍ਹੇਆਮ ਮੌਤ ਨੂੰ ਸੱਦਾ ਦਿੰਦੀਆਂ ਹਾਈ ਵੋਲਟੇਜ ਤਾਰਾਂ

Monday, Jan 15, 2018 - 06:54 AM (IST)

ਬਠਿੰਡਾ, (ਆਜਾਦ)- ਸ਼ਹਿਰ ਵਿਚ ਕੇਂਦਰ ਸਰਕਾਰ ਦਾ ਸਵੱਛਤਾ ਸਰਵੇ 12 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਜੋ ਕਿ 16 ਜਨਵਰੀ ਤੱਕ ਜਾਰੀ ਰਹੇਗਾ। ਇਹ ਮਿਤੀ ਜਿਉਂ-ਜਿਉਂ ਨੇੜੇ ਆ ਰਹੀ ਹੈ ਤਿਉਂ-ਤਿਉਂ ਸ਼ਹਿਰ ਨੂੰ ਸਵੱਛ ਬਣਾਉਣ ਦਾ ਕੰਮ ਵੀ ਤੇਜ਼ੀ ਫੜਨ ਲੱਗਾ ਹੈ ਕਿਉਂਕਿ ਇਸ ਸਮੇਂ ਸਰਵੇ ਵਿਚ ਕਾਫ਼ੀ ਕੰਪੀਟੀਸ਼ਨ ਹੈ ਪਰ ਜਲਦਬਾਜ਼ੀ ਦੇ ਚੱਕਰ ਵਿਚ ਨਗਰ ਨਿਗਮ ਦਾ ਧਿਆਨ ਹਾਈ ਵੋਲਟੇਜ ਤਾਰਾਂ ਵੱਲ ਨਹੀਂ ਗਿਆ। ਸ਼ਹਿਰ ਵਿਚ ਅਨੇਕਾਂ ਥਾਵਾਂ 'ਤੇ ਇਲਾਕਿਆਂ ਦੇ ਨੇੜਿਓਂ ਲੰਘਣ ਵਾਲੀਆਂ ਤਾਰਾਂ ਬੇਤਰਤੀਬ ਢੰਗ ਨਾਲ ਲਟਕ ਰਹੀਆਂ ਹਨ ਅਤੇ ਸਹੀ ਤਰੀਕੇ ਨਾਲ ਨਾ ਜੋੜੀਆਂ ਹੋਣ ਕਾਰਨ ਹਾਈ ਵੋਲਟੇਜ ਬਿਜਲੀ ਦੀਆਂ ਨੰਗੀਆਂ ਤਾਰਾਂ ਮੌਤ ਨੂੰ ਖੁੱਲ੍ਹੇਆਮ ਸੱਦਾ ਦੇ ਰਹੀਆਂ ਹਨ। ਆਬਾਦੀ ਵਾਲੇ ਇਲਾਕਿਆਂ ਵਿਚ ਅਨੇਕਾਂ ਸਥਾਨਾਂ 'ਤੇ ਇਹ ਤਾਰਾਂ ਇੰਨੀਆਂ ਹੇਠਾਂ ਲਟਕ ਰਹੀਆਂ ਹਨ ਕਿ ਮਕਾਨਾਂ ਦੀਆਂ ਛੱਤਾਂ ਤੱਕ ਨੂੰ ਛੂ ਰਹੀਆਂ ਹਨ, ਜਿਸ ਕਾਰਨ ਬਾਰਿਸ਼, ਤੂਫਾਨ ਦੇ ਸਮੇਂ ਖਤਰਾ ਵਧ ਜਾਂਦਾ ਹੈ। ਇਹ ਤਾਰਾਂ ਸ਼ਹਿਰ ਨੂੰ ਬਦਸੂਰਤ ਬਣਾਉਣ ਦੇ ਨਾਲ ਹੀ ਮੌਤ ਨੂੰ ਵੀ ਸੱਦਾ ਦਿੰਦੀਆਂ ਨਜ਼ਰ ਆ ਰਹੀਆਂ ਹਨ। ਸ਼ਹਿਰ ਦਾ ਹਰ ਗਲੀ ਮੁਹੱਲਾ ਬੇਤਰਤੀਬੀ ਤਾਰਾਂ ਨਾਲ ਜੂਝਦਾ ਦਿਖਾਈ ਦੇ ਰਿਹਾ ਹੈ, ਕਿਤੇ-ਕਿਤੇ ਤਾਂ ਇਹ ਤਾਰਾਂ ਇੰਨੀਆਂ ਉਲਝੀਆਂ ਹੋਈਆਂ ਹਨ ਕਿ ਥੋੜ੍ਹੀ ਜਿਹੀ ਤੇਜ਼ ਹਨੇਰੀ ਆਉਣ 'ਤੇ ਸਿੱਧੇ ਜ਼ਮੀਨ 'ਤੇ ਡਿਗ ਜਾਣ ਦਾ ਖਤਰਾ ਵੀ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਤਾਰਾਂ ਦਾ ਠੀਕ ਤਰ੍ਹਾਂ ਨਾਲ ਪ੍ਰਬੰਧਨ ਨਹੀਂ ਕੀਤਾ ਗਿਆ। ਇਨ੍ਹਾਂ ਹਾਈ ਵੋਲਟੇਜ ਤਾਰਾਂ ਵਿਚ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਤਾਰਾਂ ਲਾ ਕੇ ਬਿਜਲੀ ਚੋਰੀ ਕਰਨ ਦਾ ਵੀ ਮਾਮਲਾ ਓਨਾ ਹੀ ਪੁਰਾਣਾ ਹੈ। ਬਿਜਲੀ ਵਿਭਾਗ ਨੂੰ ਜਾਣਕਾਰੀ ਹੈ ਕਿ ਸ਼ਹਿਰ ਵਿਚ ਨਜਾਇਜ਼ ਰੂਪ ਨਾਲ ਬਿਜਲੀ ਚੋਰੀ ਕੀਤੀ ਜਾਂਦੀ ਹੈ ਪਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਧੰਦਾ ਬਿਨਾਂ ਵਿਘਨ ਚੱਲ ਰਿਹਾ ਹੈ। ਇਨ੍ਹਾਂ ਹਾਈ ਵੋਲਟੇਜ ਤਾਰਾਂ ਨਾਲ ਸਿਰਫ ਖਤਰੇ ਹੀ ਨਹੀਂ ਬਲਕਿ ਇਸ ਬੇਤਰਤੀਬ ਤਾਰਾਂ ਦੀ ਵਜ੍ਹਾ ਨਾਲ ਸ਼ਹਿਰ ਦੀ ਖੂਬਸੂਰਤੀ 'ਤੇ ਵੀ ਦਾਗ ਲੱਗਦਾ ਹੈ। ਉਥੇ ਹੀ ਇਨ੍ਹਾਂ ਤਾਰਾਂ ਦੀ ਵਜ੍ਹਾ ਨਾਲ ਟ੍ਰੈਫਿਕ ਦੀ ਵੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਹ ਤਾਰਾਂ ਨੀਵੀਆਂ ਹੋਣ ਕਾਰਨ ਵੱਡੀਆਂ ਗੱਡੀਆਂ ਨਾਲ ਵੀ ਲੱਗ ਜਾਂਦੀਆਂ ਹਨ ਤੇ ਤਾਰ ਟੁੱਟ ਜਾਣ ਨਾਲ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।
ਕਰੰਟ ਨਾਲ ਹਜ਼ਾਰਾਂ ਲੋਕਾਂ ਦੀ ਮੌਤ
ਹਾਈ ਵੋਲਟੇਜ ਤਾਰਾਂ ਦੀ ਸਮੱਸਿਆ ਸਿਰਫ ਬਠਿੰਡਾ ਸ਼ਹਿਰ ਦੀ ਹੀ ਨਹੀਂ ਹੈ ਬਲਕਿ ਇਹ ਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅਨੁਸਾਰ ਦੇਸ਼ 'ਚ ਵਸੋਂ ਵਾਲੇ ਇਲਾਕਿਆਂ ਤੋਂ ਗੁਜ਼ਰਨ ਵਾਲੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਅਤੇ ਬਿਜਲੀ ਦੇ ਖੰਭਿਆਂ ਆਦਿ ਨਾਲ ਝੂਲਦੀਆਂ ਤਾਰਾਂ ਦੇ ਨਤੀਜੇ ਵਜੋਂ ਲੱਗਣ ਵਾਲੇ ਕਰੰਟ ਨਾਲ ਸਾਲ 2015 ਵਿਚ ਹੀ 9986 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2014 ਵਿਚ ਇਹ ਅੰਕੜਾ 9606 ਸੀ। ਇਨ੍ਹਾਂ ਤਾਰਾਂ ਨਾਲ ਬਹੁਮੁੱਲੀਆਂ ਜਾਨਾਂ ਜਾਣ ਤੋਂ ਇਲਾਵਾ ਅਨੇਕਾਂ ਲੋਕ ਅੰਗਹੀਣ ਹੋ ਰਹੇ ਹਨ ਪਰ ਨੀਵੀਆਂ ਲਟਕ ਰਹੀਆਂ ਜਾਂ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਵੱਲ ਅਧਿਕਾਰੀਆਂ ਦਾ ਧਿਆਨ ਨਹੀਂ ਜਾਂਦਾ। ਜਦ ਤੱਕ ਕੋਈ ਦਰਦਨਾਕ ਹਾਦਸਾ ਨਾ ਹੋ ਜਾਵੇ ਤਦ ਤੱਕ ਸਮਾਂ ਰਹਿੰਦੇ ਹਾਈ ਵੋਲਟੇਜ ਤਾਰਾਂ ਨੂੰ ਸਹੀ ਢੰਗ ਨਾਲ ਸੁਚਾਰੂ ਕਰ ਕੇ ਪੁਰਾਣੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਲਾਈਆਂ ਜਾਣ ਅਤੇ ਬਿਜਲੀ ਦੀਆਂ ਹੇਠਾਂ ਲਟਕ ਰਹੀਆਂ ਬੇਤਰਤੀਬ ਤਾਰਾਂ ਹਟਾਉਣ ਲਈ ਸਬੰਧਤ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣ ਤਾਂ ਜੋ ਹਾਈ ਵੋਲਟੇਜ ਤਾਰਾਂ ਨਾਲ ਹੋਣ ਵਾਲੇ ਹਾਦਸਿਆਂ 'ਤੇ ਵਿਰਾਮ ਚਿੰਨ੍ਹ ਲਾਇਆ ਜਾ ਸਕੇ।
ਖੰਭਿਆਂ ਦੀ ਆੜ 'ਚ ਫਲ-ਫੁੱਲ ਰਿਹਾ ਹੈ ਨਾਜਾਇਜ਼ ਵਪਾਰ
ਹਾਈ ਵੋਲਟੇਜ ਖੰਭਿਆਂ ਦੇ ਹੇਠਾਂ ਨਾਜਾਇਜ਼ ਵਪਾਰ ਬਹੁਤ ਹੀ ਤੇਜ਼ੀ ਨਾਲ ਫਲ-ਫੁੱਲ ਰਿਹਾ ਹੈ। ਰੇਹੜੀ ਵਾਲੇ, ਸਬਜ਼ੀ ਵਾਲੇ ਤੇ ਕੱਪੜਾ ਵੇਚਣ ਵਾਲੇ ਇਨ੍ਹਾਂ ਖੰਭਿਆਂ ਦੇ ਹੇਠਾਂ ਖਾਲੀ ਜਗ੍ਹਾ 'ਤੇ ਆਪਣੀਆਂ ਦੁਕਾਨਾਂ ਲਾ ਲੈਂਦੇ ਹਨ ਤੇ ਲੋਕ ਖਰੀਦਦਾਰੀ ਕਰਨ ਲਈ ਇਥੇ ਇਕੱਠੇ ਹੋ ਜਾਂਦੇ ਹਨ। ਕਈ ਵਾਰ ਤਾਂ ਇਨ੍ਹਾਂ ਖੰਭਿਆਂ 'ਤੇ ਰੱਖੇ ਟ੍ਰਾਂਸਫਾਰਮਰ ਫਟਣ ਨਾਲ ਹਾਦਸੇ ਹੋ ਚੁੱਕੇ ਹਨ, ਫਿਰ ਵੀ ਇਥੋਂ ਰੇਹੜੀਆਂ ਨੂੰ ਹਟਾਉਣਾ ਮੁਨਾਸਿਬ ਨਹੀਂ ਸਮਝਿਆ ਗਿਆ ਹੈ। ਜ਼ਿਆਦਾ ਲੋਡ ਪੈਣ 'ਤੇ ਟ੍ਰਾਂਸਫਾਰਮਰ ਅਤੇ ਕੇਬਲ ਨੂੰ ਅੱਗ ਵੀ ਲੱਗ ਜਾਂਦੀ ਹੈ। ਜੇਕਰ ਇਸ ਦੀ ਲਪੇਟ ਵਿਚ ਕੋਈ ਆ ਗਿਆ ਤਾਂ ਬਚਣਾ ਮੁਸ਼ਕਿਲ ਹੈ। ਸ਼ਹਿਰ ਵਿਚ ਜਗ੍ਹਾ-ਜਗ੍ਹਾ ਲੱਗੇ ਟ੍ਰਾਂਸਫਾਰਮਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਵਿਭਾਗ ਦੀ ਲਾਪ੍ਰਵਾਹੀ ਦੇ ਕਾਰਨ ਟ੍ਰਾਂਸਫਾਰਮਰ ਵਾਲੇ ਇਲਾਕੇ ਨੂੰ ਕਵਰ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਟ੍ਰਾਂਸਫਾਰਮਰ ਵਿਚ ਖਰਾਬੀ ਆ ਜਾਂਦੀ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਅਜਿਹੇ ਖੁੱਲ੍ਹੇ ਟ੍ਰਾਂਸਫਾਰਮਰ ਬੱਚਿਆਂ ਦੇ ਲਈ ਖਤਰਾ ਬਣੇ ਹੋਏ ਹਨ। 
ਇਨ੍ਹਾਂ ਇਲਾਕਿਆਂ ਵਿਚ ਹੈ ਹਾਈ ਵੋਲਟੇਜ ਤਾਰਾਂ ਤੋਂ ਖਤਰਾ
ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਖੰਭਿਆਂ 'ਤੇ ਬੇਤਰਤੀਬ ਤਰੀਕੇ ਨਾਲ ਵਿਛੀਆਂ ਤਾਰਾਂ ਮੱਕੜੀ ਦੇ ਜਾਲ ਜਿਹੀਆਂ ਵਿਖਾਈ ਦਿੰਦੀਆਂ ਹਨ ਕਿਉਂਕਿ ਸ਼ਹਿਰ ਵਿਚ ਬਿਜਲੀ ਵਿਭਾਗ ਵੱਲੋਂ ਦਹਾਕਿਆਂ ਪਹਿਲਾਂ ਲਾਈਆਂ ਗਈਆਂ ਹਾਈ ਵੋਲਟੇਜ ਤਾਰਾਂ ਹੁਣ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਸਾਲਾਂ ਪਹਿਲਾਂ ਜਿਥੇ ਛੋਟੇ-ਛੋਟੇ ਮਕਾਨ ਹੁੰਦੇ ਸਨ ਹੁਣ ਉਥੇ ਬਹੁ-ਮੰਜ਼ਿਲਾ ਮਕਾਨ ਬਣ ਗਏ ਹਨ। ਬਿਜਲੀ ਵਿਭਾਗ ਵੱਲੋਂ ਲਾਪ੍ਰਵਾਹੀ ਦਾ ਆਲਮ ਇਹ ਹੈ ਕਿ ਸੰਘਣੀ ਆਬਾਦੀ ਵਾਲੇ ਮਕਾਨਾਂ ਦੇ ਵਿਚਕਾਰੋਂ ਹਾਈ ਵੋਲਟੇਜ ਤਾਰਾਂ ਗੁਜ਼ਰ ਰਹੀਆਂ ਹਨ, ਜਿਸ 'ਤੇ ਵਧਦੇ ਬੋਝ ਨਾਲ ਪੋਲ ਹੇਠਾਂ ਵੱਲ ਝੁਕ ਜਾਂਦੇ ਹਨ, ਜਿਸ ਕਾਰਨ ਕਈ ਵਾਰ ਹਾਦਸਾ ਹੋ ਚੁੱਕਾ ਹੈ। ਸ਼ਹਿਰ ਦੇ ਪੁਰਾਣੀ ਬਸਤੀ ਰੇਲਵੇ ਸਟੇਸ਼ਨ ਦੇ ਆਸ-ਪਾਸ ਦਾ ਇਲਾਕਾ ਅਮਰੀਕ ਸਿੰਘ ਰੋਡ, ਧੋਬੀ ਬਾਜ਼ਾਰ, ਬੱਸ ਸਟੈਂਡ, ਸਬਜ਼ੀ ਮੰਡੀ, ਹਾਜੀਰਤਨ ਆਦਿ ਇਲਾਕਿਆਂ ਵਿਚ ਸਥਿਤ ਕਈ ਮਕਾਨਾਂ ਦੇ ਉਪਰੋਂ ਹਾਈ ਵੋਲਟੇਜ ਤਾਰਾਂ ਗੁਜ਼ਰ ਰਹੀਆਂ ਹਨ, ਜਿਸ ਨਾਲ ਸਥਾਨਕ ਲੋਕਾਂ ਵਿਚ ਹਰ ਵਕਤ ਇਹ ਡਰ ਬਣਿਆ ਰਹਿੰਦਾ ਹੈ ਕਿ ਛੱਤਾਂ 'ਤੇ ਖੇਡਦੇ ਸਮੇਂ ਬੱਚੇ ਤਾਰਾਂ ਨੂੰ ਛੂ ਨਾ ਲੈਣ। ਕਈ ਵਾਰ ਤਾਰਾਂ ਨੂੰ ਉਪਰ ਕਰਨ ਦੀ ਮੰਗ ਲੋਕਾਂ ਨੇ ਕੀਤੀ ਹੈ ਪਰ ਅੱਜ ਤੱਕ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਕਈ ਵਾਰ ਇਨ੍ਹਾਂ ਤਾਰਾਂ ਨੇ ਅਜਿਹਾ ਕਹਿਰ ਪਾਇਆ ਹੈ ਕਿ ਕੁਝ ਲੋਕ ਸਮੇਂ ਤੋਂ ਪਹਿਲਾਂ ਹੀ ਕਾਲ ਦੇ ਗਲ਼ ਲੱਗ ਗਏ, ਕਈ ਹਮੇਸ਼ਾ ਦੇ ਲਈ ਅੰਗਹੀਣ ਹੋ ਕੇ ਦੁੱਖਦਾਈ ਜੀਵਨ ਜਿਊਣ ਲਈ ਮਜਬੂਰ ਹੋ ਗਏ।
ਬਿਨਾਂ ਸਰਵੇ ਲਾਈਨ ਲਾਉਣ ਨਾਲ ਆਉਂਦੀ ਹੈ ਦਿੱਕਤ
ਸ਼ਹਿਰ ਵਿਚ ਬਿਜਲੀ ਵਿਭਾਗ ਨੇ ਬਿਨਾਂ ਸਰਵੇ ਹੀ ਹਾਈ ਵੋਲਟੇਜ ਤਾਰਾਂ ਦਹਾਕਿਆਂ ਪਹਿਲਾਂ ਲਾ ਦਿੱਤੀਆਂ। ਜਿਥੇ ਖਾਲੀ ਜ਼ਮੀਨ ਮਿਲੀ ਉਥੇ ਹੀ ਤਾਰ ਦੇ ਖੰਭੇ ਗੱਡ ਕੇ ਬਿਜਲੀ ਅੱਗੇ ਵਧਾ ਦਿੱਤੀ ਗਈ। ਇਹ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਕੀ ਨਤੀਜਾ ਨਿਕਲੇਗਾ। ਹੁਣ ਜਦ ਜਨਸੰਖਿਆ ਵਧੀ ਤਾਂ ਸ਼ਹਿਰਾਂ ਵਿਚ ਤੇਜ਼ੀ ਨਾਲ ਇਮਾਰਤਾਂ ਬਣਨ ਲੱਗੀਆਂ ਪਰ ਓਨੀ ਤੇਜ਼ੀ ਨਾਲ ਤਾਰਾਂ ਰਿਪਲੇਸ ਨਹੀਂ ਕੀਤੀਆਂ ਗਈਆਂ। ਇਸ ਕਾਰਨ ਅੱਜ ਸ਼ਹਿਰ ਵਿਚ ਲਗਭਗ 30 ਫੀਸਦੀ ਜਰਜਰ ਤਾਰਾਂ ਨੂੰ ਬਦਲ ਕੇ ਨਵੀਆਂ ਲਾਈਆਂ ਜਾ ਰਹੀਆਂ ਹਨ।
ਗਲੀ-ਮੁਹੱਲਿਆਂ ਵਿਚ ਜ਼ਿਆਦਾ ਖਤਰਾ
ਅਜਿਹੇ ਟ੍ਰਾਂਸਫਾਰਮਰ ਜੋ ਗਲੀ-ਮੁਹੱਲਿਆਂ ਅਤੇ ਸੰਘਣੀ ਆਬਾਦੀ ਵਾਲੀਆਂ ਕਾਲੋਨੀਆਂ ਵਿਚ ਲੱਗੇ ਹਨ ਉਥੇ ਖਤਰੇ ਦੀ ਆਸ਼ੰਕਾ ਜ਼ਿਆਦਾ ਹੈ ਕਿਉਂਕਿ ਛੋਟੇ ਬੱਚੇ ਖੇਡਦੇ ਹਨ, ਜਿਸ ਕਾਰਨ ਕੋਈ ਅਨਹੋਣੀ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਟ੍ਰਾਂਸਫਾਰਮਰਾਂ ਨੂੰ ਕਦੇ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਹੈ, ਅਜਿਹੇ ਵਿਚ ਇਥੇ ਪੋਲਾਂ ਵਿਚ ਕਰੰਟ ਵੀ ਆ ਜਾਂਦਾ ਹੈ।
ਪਸ਼ੂਆਂ ਦੀ ਜਾਨ ਖਤਰੇ 'ਚ
ਸ਼ਹਿਰ ਵਿਚ ਸੈਂਕੜਿਆਂ ਦੀ ਤਦਾਦ ਵਿਚ ਘੁੰਮਦੇ ਆਵਾਰਾ ਪਸ਼ੂ ਅਕਸਰ ਇਨ੍ਹਾਂ ਖੰਭਿਆਂ ਦੇ ਕੋਲ ਆ ਕੇ ਬੈਠ ਜਾਂਦੇ ਹਨ ਤੇ ਕਦੇ ਖੰਭੇ ਨਾਲ ਆਪਣੀ ਦੇਹ ਰਗੜਨ ਲੱਗਦੇ ਹਨ। ਕਈ ਵਾਰ ਖੰਭਿਆਂ ਵਿਚ ਕਰੰਟ ਹੋਣ ਦੀ ਸਥਿਤੀ 'ਚ ਆਵਾਰਾ ਪਸ਼ੂ ਕਰੰਟ ਦੀ ਲਪੇਟ ਵਿਚ ਆ ਜਾਂਦੇ ਹਨ, ਜਿਸ ਕਾਰਨ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਅਮਰੀਕ ਸਿੰਘ ਰੋਡ 'ਤੇ ਤਾਂ ਇਕ ਆਵਾਰਾ ਕੁੱਤੇ ਦੀ ਮੌਤ ਇਸ ਕਾਰਨ ਹੋਈ ਸੀ। ਬਾਵਜੂਦ ਬਿਜਲੀ ਵਿਭਾਗ ਨੇ ਇਨ੍ਹਾਂ ਟ੍ਰਾਂਸਫਾਰਮਰਾਂ ਦੇ ਖੰਭਿਆਂ ਨੂੰ ਅਜੇ ਤੱਕ ਠੀਕ ਨਹੀਂ ਕਰਵਾਇਆ।
ਮੌਤ ਬਣ ਕੇ ਝੂਲ ਰਹੀਆਂ ਜਰਜਰ ਤਾਰਾਂ
ਸ਼ਹਿਰ ਵਿਚ ਹਾਈ ਵੋਲਟੇਜ ਤਾਰਾਂ ਬਿਨਾਂ ਕਿਸੇ ਸੁਰੱਖਿਆ ਸੜਕ ਦੇ ਉਪਰੋਂ ਗੁਜ਼ਰ ਰਹੀਆਂ ਹਨ। ਮੁੱਖ ਮਾਰਗ ਤੋਂ ਲੈ ਕੇ ਗਲੀਆਂ ਤੱਕ ਬਿਜਲੀ ਵਿਭਾਗ ਦੀਆਂ ਜਰਜਰ ਤਾਰਾਂ ਮੌਤ ਬਣ ਕੇ ਝੂਲ ਰਹੀਆਂ ਹਨ। ਵਿਭਾਗ ਦੇ ਉਚ ਅਧਿਕਾਰੀਆਂ ਦੇ ਆਦੇਸ਼ਾਂ ਦੇ ਬਾਅਦ ਵੀ ਅਜੇ ਤੱਕ ਇਨ੍ਹਾਂ ਤਾਰਾਂ ਨੂੰ ਬਦਲਿਆ ਨਹੀਂ ਜਾ ਸਕਿਆ ਹੈ। ਇਸ ਕਾਰਨ ਪੁਰਾਣੀਆਂ ਹੋ ਚੁੱਕੀਆਂ ਬਿਜਲੀ ਦੀਆਂ ਤਾਰਾਂ ਦੇ ਡਿੱਗਣ ਨਾਲ ਕਈ ਘਟਨਾਵਾਂ ਵੀ ਹੋ ਚੁੱਕੀਆਂ ਹਨ। ਉਥੇ ਜੇਕਰ ਜਰਜਰ ਤਾਰਾਂ ਨਹੀਂ ਬਦਲੀਆਂ ਗਈਆਂ ਤਾਂ ਕਦੇ ਵੀ ਵੱਡਾ ਹਾਦਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਬਾਜ਼ਾਰ ਵਿਚ ਕਈ ਜਗ੍ਹਾ ਬਿਨਾਂ ਸੁਰੱਖਿਆ ਉਪਾਅ ਦੇ ਹਾਈ ਵੋਲਟੇਜ ਤਾਰਾਂ ਸੜਕ ਦੇ ਇਸ ਪਾਰ ਤੋਂ ਉਸ ਪਾਰ ਤੱਕ ਲਿਜਾਈਆਂ ਗਈਆਂ ਹਨ। ਜੋ ਕਦੇ ਵੀ ਦੁਰਘਟਨਾ ਦਾ ਕਾਰਨ ਬਣ ਸਕਦੀਆਂ ਹਨ।


Related News