15 ਦਿਨਾਂ ਦੀ ਨਵਜੰਮੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ

Tuesday, Sep 10, 2024 - 01:34 PM (IST)

15 ਦਿਨਾਂ ਦੀ ਨਵਜੰਮੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ’ਤੇ ਇਕ ਪਰਿਵਾਰ ’ਚ 15 ਦਿਨਾਂ ਦੀ ਨਵਜੰਮੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਬੱਚੀ ਦੇ ਪਰਿਵਾਰ ਵਾਲਿਆਂ ਨੇ ਸ਼ੁਰੂ ’ਚ ਕਿਹਾ ਕਿ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ ਪਰ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੱਚੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਸ ਨੇ ਬਿਨਾਂ ਪੋਸਟਮਾਰਟਮ ਦੇ ਬੱਚੀ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਜਾਂਚ ਅਧਿਕਾਰੀ ਏ. ਐੱਸ. ਆਈ. ਪਾਲਚੰਦ ਨੇ ਦੱਸਿਆ ਕਿ ਗੁਲਾਬਗੜ੍ਹ ਰੋਡ ’ਤੇ ਰਹਿਣ ਵਾਲੇ ਦੀਪਕ ਅਤੇ ਮਧੂ ਦੇ ਘਰ ਲੁਧਿਆਣਾ ਦੇ ਹਸਪਤਾਲ ’ਚ 15 ਦਿਨ ਪਹਿਲਾਂ ਬੱਚੀ ਦਾ ਜਨਮ ਹੋਇਆ ਸੀ। 4 ਦਿਨਾਂ ਬਾਅਦ ਉਹ ਡੇਰਾਬਸੀ ਵਾਪਸ ਆ ਗਏ। ਇਸ ਦੌਰਾਨ ਜਦੋਂ ਬੱਚੀ ਦੀ ਸਿਹਤ ਵਿਗੜ ਗਈ ਤਾਂ ਉਸ ਦਾ ਇਲਾਜ ਨਿੱਜੀ ਹਸਪਤਾਲ ’ਚ ਕਰਵਾਇਆ ਗਿਆ ਪਰ ਐਤਵਾਰ ਰਾਤ ਨੂੰ ਉਲਟੀਆਂ ਅਤੇ ਦਸਤ ਲੱਗਣ ਕਾਰਨ ਬੱਚੀ ਦੀ ਸਿਹਤ ਹੋਰ ਵਿਗੜ ਗਈ। ਪਰਿਵਾਰ ਵਾਲੇ ਬੱਚੀ ਨੂੰ ਡੇਰਾਬੱਸੀ ਦੇ ਇੰਡਸ ਹਸਪਤਾਲ ਲੈ ਗਏ।

ਬੱਚੀ ਦੀਆਂ ਅੱਖਾਂ ਅਤੇ ਮੂੰਹ ਖੁੱਲ੍ਹਾ ਹੋਣ ਕਾਰਨ ਪਰਿਵਾਰ ਵਾਲੇ ਬੱਚੀ ਨੂੰ ਜ਼ਿੰਦਾ ਸਮਝ ਰਹੇ ਸਨ ਅਤੇ ਸ਼ਿਕਾਇਤ ਕਰ ਰਹੇ ਸਨ ਕਿ ਉਸ ਦੀ ਇਲਾਜ ਦੌਰਾਨ ਮੌਤ ਹੋਈ ਹੈ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਦੇ ਸਟਾਫ਼ ਨੇ ਉਸ ਦੀ ਲਾਸ਼ ਨੂੰ ਮੁਰਦਾਘਰ ’ਚ ਰਖਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਇਸ ਸਬੰਧੀ ਰਿਪੋਰਟ ਦਰਜ ਕਰ ਲਈ ਹੈ ਪਰ ਲਾਸ਼ ਪੋਸਟਮਾਰਟਮ ਤੋਂ ਬਿਨਾਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਦੀਪਕ ਅਤੇ ਮਧੂ ਦੇ ਪਰਿਵਾਰ ’ਚ 3 ਸਾਲ ਦੀ ਇਕ ਹੋਰ ਧੀ ਵੀ ਹੈ।


author

Babita

Content Editor

Related News